India News

ਬਾਦਲ ਕੋਲੋਂ ‘ਫ਼ਖ਼ਰ-ਏ-ਕੌਮ’ ਐਵਾਰਡ ਵਾਪਸ ਲੈਣ ਦੀ ਮੰਗ ਨੇ ਫੜਿਆ ਜ਼ੋਰ

ਬੇਅਦਬੀ ਤੇ ਗੋਲੀ ਕਾਂਡ ਮਾਮਲੇ ਵਿਚ ਅਦਾਲਤ ’ਚ ਪੇਸ਼ ਕੀਤੇ ਚਲਾਨ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਕੋਲੋਂ ‘ਫ਼ਖ਼ਰ-ਏ-ਕੌਮ’ ਐਵਾਰਡ ਵਾਪਸ ਲੈਣ ਦੀ ਮੰਗ ਉੱਠਣ ਲੱਗੀ ਹੈ।

ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਅਤੇ ਭਾਜਪਾ ਆਗੂ ਸਰਚਾਂਦ ਸਿੰਘ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਸ੍ਰੀ ਬਾਦਲ ਨੂੰ ਦਿੱਤਾ ਗਿਆ ‘ਫ਼ਖ਼ਰ-ਏ-ਕੌਮ’ ਐਵਾਰਡ ਵਾਪਸ ਲਿਆ ਜਾਵੇ।

ਇਸ ਸਬੰਧੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਲਿਖੇ ਪੱਤਰ ਵਿਚ ਭਾਜਪਾ ਆਗੂ ਨੇ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ’ਚ ਮਦਦ ਦੇਣ ਦੇ ਗੰਭੀਰ ਦੋਸ਼ ਸਾਹਮਣੇ ਆਉਣ ਨਾਲ ਸ੍ਰੀ ਬਾਦਲ ਨੇ ਪੰਥ ਦਾ ਵਿਸ਼ਵਾਸ ਗੁਆ ਲਿਆ ਹੈ। ਇਸ ਲਈ ਉਹ ‘ਫ਼ਖ਼ਰ-ਏ-ਕੌਮ’ ਕਹਾਉਣ ਦਾ ਹੁਣ ਕੋਈ ਹੱਕ ਨਹੀਂ ਰੱਖਦੇ, ਉਨ੍ਹਾਂ ਨੂੰ ਇਹ ਸਨਮਾਨ ਤੁਰਤ ਵਾਪਸ ਕਰ ਦੇਣਾ ਚਾਹੀਦਾ ਹੈ।

ਇਸੇ ਤਰ੍ਹਾਂ ਭਾਜਪਾ ਦੇ ਕੌਮੀ ਬੁਲਾਰੇ ਆਰਪੀ ਸਿੰਘ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ (ਜਥੇਦਾਰ) ਪ੍ਰਕਾਸ਼ ਸਿੰਘ ਬਾਦਲ ਨੂੰ ਕੋਟਕਪੂਰਾ ਗੋਲੀ ਕਾਂਡ ਤੋਂ ਬਰੀ ਹੋਣ ਤੱਕ ਆਪਣਾ ‘ਫ਼ਖ਼ਰ-ਏ-ਕੌਮ’ ਵਾਪਸ ਕਰਨ ਲਈ ਕਹਿਣਾ ਚਾਹੀਦਾ ਹੈ।

ਉਧਰ, ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ 2015 ਦੇ ਕੋਟਕਪੂਰਾ ਪੁਲਿਸ ਗੋਲੀਬਾਰੀ ਕੇਸ ਵਿਚ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਦਾਇਰ ਚਾਰਜਸ਼ੀਟ ਨੂੰ ਮਨਘੜਤ, ਫਰਜ਼ੀ ਤੇ ਝੂਠੀ ਕਰਾਰ ਦਿੰਦਿਆਂ ਦੋਸ਼ ਪੱਤਰ ਦਾ ਅਦਾਲਤ ਵਿਚ ਤੇ ਲੋਕਾਂ ਦੀ ਕਚਹਿਰੀ ਵਿਚ ਮੁਕਾਬਲਾ ਕਰਨ ਦਾ ਐਲਾਨ ਕੀਤਾ ਹੈ।

ਪਾਰਟੀ ਆਗੂਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਇਸ ਸੰਵੇਦਨਸ਼ੀਲ ਮਾਮਲੇ ’ਤੇ ਸਿਆਸਤ ਨਾ ਕਰਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਦਾਲਤੀ ਮਾਣਹਾਨੀ ਸਮੇਤ ਸਾਰੇ ਵਿਕਲਪ ਵਿਚਾਰੇਗਾ ਕਿਉਂਕਿ ਹਾਈਕੋਰਟ ਵੱਲੋਂ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਰਿਪੋਰਟ ਰੱਦ ਕਰਨ ਵੇਲੇ ਦਿੱਤੇ ਨਿਰਦੇਸ਼ਾਂ ਦੀ ਉਲੰਘਣਾ ਹੋਈ ਹੈ।

ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਖਿਲਾਫ਼ ਕੋਈ ਕੇਸ ਨਹੀਂ ਬਣਦਾ ਕਿਉਂਕਿ ਉਹ ਘਟਨਾ ਸਮੇਂ ਸੂਬੇ ਤੋਂ ਬਾਹਰ ਸਨ। ਅਕਾਲੀ ਦਲ ਨੇ ਦੋਸ਼ ਲਾਇਆ ਕਿ ਐੱਸਆਈਟੀ ਮੁਖੀ ਐੱਲ ਕੇ ਯਾਦਵ ਤੇ ਹੋਰ ਅਫਸਰਾਂ ਨੇ ਆਪਣੇ ਆਕਾਵਾਂ ਦੇ ਸਿਆਸੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਵਾਸਤੇ ਬਿਲਕੁਲ ਇਕਪਾਸੜ ਹੋ ਕੇ ਕੰਮ ਕੀਤਾ ਹੈ।

Video