ਘਰ ‘ਚ ਕਾਰ ਧੋਣਾ ਆਮ ਤੌਰ ‘ਤੇ ਸਸਤਾ ਅਤੇ ਆਸਾਨ ਲੱਗਦਾ ਹੈ, ਪਰ ਆਕਲੈਂਡ ਵਿੱਚ ਇਹ ਆਦਤ ਤੁਹਾਨੂੰ $1500 ਤੱਕ ਜੁਰਮਾਨਾ ਭਰਵਾ ਸਕਦੀ ਹੈ। ਆਕਲੈਂਡ ਕੌਂਸਲ ਦੇ ਨਿਯਮਾਂ ਅਨੁਸਾਰ, ਘਰੇਲੂ ਕਾਰ ਵਾਸ਼ ਤੋਂ ਨਿਕਲਣ ਵਾਲਾ ਪਾਣੀ ਗੈਰਕਾਨੂੰਨੀ ਤੌਰ ‘ਤੇ ਸਟਾਰਮਵਾਟਰ ਸਿਸਟਮ ਵਿੱਚ ਜਾਣਾ ਮਨਾਹੀ ਹੈ।
ਇਹ ਮਾਮਲਾ ਉਸ ਵੇਲੇ ਚਰਚਾ ਵਿੱਚ ਆਇਆ ਜਦੋਂ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਗਿਆ ਕਿ ਇੱਕ ਵਿਅਕਤੀ ਨੂੰ ਆਪਣੇ ਡਰਾਈਵੇ ‘ਤੇ ਕਾਰ ਧੋਣ ਕਾਰਨ $750 ਦਾ ਜੁਰਮਾਨਾ ਲੱਗਿਆ।
ਆਕਲੈਂਡ ਕੌਂਸਲ ਦੇ ਐਕਟਿੰਗ ਕਾਮਪਲਾਇੰਸ ਮੈਨੇਜਰ ਜੇਸੀ ਹਿੰਡਟ ਨੇ ਦੱਸਿਆ ਕਿ ਕਾਰ ਧੋਣ ਦੌਰਾਨ ਵਰਤਿਆ ਗਿਆ ਪਾਣੀ ਅਕਸਰ ਸਟਾਰਮਵਾਟਰ ਡਰੇਨਾਂ ਵਿੱਚ ਵਗ ਜਾਂਦਾ ਹੈ। ਇਹ ਡਰੇਨ ਸਿੱਧੇ ਨਦੀਆਂ, ਦਰਿਆਵਾਂ ਅਤੇ ਸਮੁੰਦਰ ਨਾਲ ਜੁੜੇ ਹੁੰਦੇ ਹਨ। ਇਸ ਪਾਣੀ ਵਿੱਚ ਡਿਟਰਜੈਂਟ, ਤੇਲ, ਫਿਊਲ ਦੇ ਅੰਸ਼, ਧਾਤਾਂ ਅਤੇ ਮਿੱਟੀ ਸ਼ਾਮਲ ਹੁੰਦੀ ਹੈ, ਜੋ ਜਲਜੀਵਨ ਲਈ ਜ਼ਹਿਰੀਲੀ ਸਾਬਤ ਹੋ ਸਕਦੀ ਹੈ। ਉਨ੍ਹਾਂ ਅਨੁਸਾਰ, ਬਾਇਓਡੀਗ੍ਰੇਡੇਬਲ ਡਿਟਰਜੈਂਟ ਵੀ ਜਲਮਾਰਗਾਂ ਨੂੰ ਪ੍ਰਦੂਸ਼ਿਤ ਕਰਦੇ ਹਨ।
ਰਿਸੋਰਸ ਮੈਨੇਜਮੈਂਟ ਐਕਟ (RMA) ਤਹਿਤ ਪਾਣੀ ਵਿੱਚ ਪ੍ਰਦੂਸ਼ਕ ਛੱਡਣਾ ਗੈਰਕਾਨੂੰਨੀ ਹੈ। ਇਸ ਕਾਨੂੰਨ ਅਧੀਨ ਵਿਅਕਤੀਆਂ ਲਈ $1500 ਤੱਕ, ਜਦਕਿ ਕੰਪਨੀਆਂ ਲਈ $3000 ਤੱਕ ਜੁਰਮਾਨੇ ਦਾ ਪ੍ਰਾਵਧਾਨ ਹੈ। ਕੌਂਸਲ ਨੇ ਦੱਸਿਆ ਕਿ ਸਤੰਬਰ 2025 ਵਿੱਚ RMA ਅਧੀਨ ਜੁਰਮਾਨੇ ਵਧਾਏ ਗਏ ਹਨ, ਜਿਸ ਨਾਲ ਹੁਣ ਸਜ਼ਾਵਾਂ ਹੋਰ ਸਖ਼ਤ ਹੋ ਗਈਆਂ ਹਨ।
ਕੌਂਸਲ ਨੇ ਇਹ ਵੀ ਸਪਸ਼ਟ ਕੀਤਾ ਕਿ ਫੰਡਰੇਜ਼ਰ ਜਾਂ ਕਮਿਊਨਿਟੀ ਕਾਰ ਵਾਸ਼ ਤਦੋਂ ਹੀ ਕਾਨੂੰਨੀ ਹਨ ਜਦੋਂ ਵਰਤਿਆ ਗਿਆ ਪਾਣੀ ਸਟਾਰਮਵਾਟਰ ਸਿਸਟਮ ਵਿੱਚ ਨਾ ਜਾਵੇ ਅਤੇ ਢੁੱਕਵੇਂ ਕੰਟਰੋਲ ਉਪਾਅ ਲਾਗੂ ਕੀਤੇ ਜਾਣ।










