ਇੱਕ ਨਵੀਂ ਖੋਜ ਮੁਤਾਬਕ ਨਿਊਜ਼ੀਲੈਂਡ ਵਿੱਚ ਲਗਭਗ 90 ਫੀਸਦੀ ਘਰਾਂ ਨੂੰ ਤੁਰੰਤ ਮੁਰੰਮਤ ਜਾਂ ਸੁਧਾਰ ਦੀ ਲੋੜ ਹੈ, ਅਤੇ ਇਸ ਕੰਮ ਦਾ ਕੁੱਲ ਖਰਚਾ ਕਰੀਬ 27 ਬਿਲੀਅਨ ਡਾਲਰ ਹੋ ਸਕਦਾ ਹੈ। ਇਹ ਅਧਿਐਨ Centre for Research, Evaluation and Social Assessment (CRESA) ਵੱਲੋਂ ਕੀਤਾ ਗਿਆ ਹੈ ਅਤੇ ਇਸਨੂੰ Building Research Levy ਦੀ ਸਹਾਇਤਾ ਮਿਲੀ ਹੈ।
ਰਿਪੋਰਟ ਦੇ ਅਨੁਸਾਰ ਉਹ ਘਰ ਜਿੱਥੇ ਗਰਮੀ ਠੀਕ ਤਰ੍ਹਾਂ ਨਹੀਂ ਰਹਿੰਦੀ, ਘਰ ਬਹੁਤ ਠੰਢੇ ਜਾਂ ਗਰਮ ਹੋ ਜਾਂਦੇ ਹਨ, ਜਾਂ ਢਾਂਚਾਗਤ ਸਮੱਸਿਆਵਾਂ ਹਨ, ਉਹਨਾਂ ਨੂੰ ਮੁਰੰਮਤ ਦੀ ਲੋੜ ਵਾਲੇ ਘਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ।
CRESA ਦੀ ਰਿਸਰਚ ਡਾਇਰੈਕਟਰ ਕੇ ਸੇਵਿਲ-ਸਮਿਥ ਨੇ ਦੱਸਿਆ ਕਿ ਪੁਰਾਣੇ ਘਰਾਂ ਨੂੰ ਸਭ ਤੋਂ ਵੱਧ ਮੁਰੰਮਤ ਦੀ ਲੋੜ ਹੁੰਦੀ ਹੈ, ਖਾਸ ਕਰਕੇ ਜੇ ਉਹਨਾਂ ਦੀ ਸਮੇਂ-ਸਮੇਂ ‘ਤੇ ਦੇਖਭਾਲ ਨਾ ਕੀਤੀ ਗਈ ਹੋਵੇ। ਅਜਿਹੇ ਘਰ ਤੂਫ਼ਾਨ ਜਾਂ ਖਰਾਬ ਮੌਸਮ ਦੌਰਾਨ ਜ਼ਿਆਦਾ ਨੁਕਸਾਨ ਦਾ ਸ਼ਿਕਾਰ ਹੋ ਸਕਦੇ ਹਨ।
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਨਵੇਂ ਘਰਾਂ ਨੂੰ ਆਮ ਤੌਰ ‘ਤੇ ਘੱਟ ਮੁਰੰਮਤ ਦੀ ਲੋੜ ਹੁੰਦੀ ਹੈ, ਪਰ ਕਈ ਵਾਰ ਉਹਨਾਂ ਦੀ ਡਿਜ਼ਾਇਨ ਉਸ ਇਲਾਕੇ ਦੇ ਮੌਸਮ ਅਤੇ ਹਾਲਾਤਾਂ ਮੁਤਾਬਕ ਨਹੀਂ ਹੁੰਦੀ।
ਮਾਹਿਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਘਰ ਖਰੀਦਦੇ ਸਮੇਂ ਸਿਰਫ਼ ਦਿੱਖ ਨਹੀਂ, ਸਗੋਂ ਉਸਦੀ ਮਜ਼ਬੂਤੀ ਅਤੇ ਲੰਬੇ ਸਮੇਂ ਦੀ ਟਿਕਾਊਪਣ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ।










