ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਮਸ਼ਹੂਰ ਨਿਰਦੇਸ਼ਕ ਸਤੀਸ਼ ਕੌਸ਼ਿਕ ਦਾ ਦਿਹਾਂਤ ਹੋ ਗਿਆ ਹੈ। ਜਿਸ ਨਾਲ ਸਿਨੇਮਾ ਜਗਤ ਵਿੱਚ ਸੋਗ ਦੀ ਸਹਿਰ ਦੌੜ ਗਈ ਹੈ। ਇਸ ਦੀ ਜਾਣਕਾਰੀ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਟਵੀਟ ਕਰਕੇ ਦਿੱਤੀ। ਉਨ੍ਹਾਂ ਦੇ ਦਿਹਾਂਤ ਉੱਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਹੈਂਡਲ ਟਵਿੱਟਰ ਉੱਪਰ ਪੋਸਟ ਸ਼ੇਅਰ ਕਰ ਲਿਖਿਆ, ਸਤੀਸ਼ ਕੌਸ਼ਿਕ ਜੀ ਦਾ ਬੇਵਕਤ ਚਲੇ ਜਾਣਾ ਬਹੁਤ ਦੁੱਖਦਾਇਕ ਹੈ..ਸਤੀਸ਼ ਜੀ ਤੁਸੀਂ ਆਪਣੀ ਕਲਾ ਜ਼ਰੀਏ ਹਮੇਸ਼ਾ ਸਾਡੇ ਦਿਲਾਂ ਚ ਜ਼ਿੰਦਾ ਰਹੋਗੇ …
ਬਾਲੀਵੁੱਡ ਅਦਾਕਾਰ ਅਤੇ ਸਤੀਸ਼ ਕੌਸ਼ਿਕ ਦੇ ਕਰੀਬੀ ਦੋਸਤ ਅਨੁਪਮ ਖੇਰ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਤੀਸ਼ ਕੌਸ਼ਿਕ ਦੇ ਸਰੀਰ ਨੂੰ ਇਸ ਸਮੇਂ ਗੁੜਗਾਓਂ ਦੇ ਫੋਰਟਿਸ ਹਸਪਤਾਲ ਵਿੱਚ ਰੱਖਿਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਅੱਜ ਬਾਅਦ ਦੁਪਹਿਰ ਉਨ੍ਹਾਂ ਦੀ ਲਾਸ਼ ਮੁੰਬਈ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਲਿਆਂਦੀ ਜਾਵੇਗੀ ਅਤੇ ਫਿਰ ਇੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਅਨੁਪਮ ਖੇਰ ਨੇ ਦੱਸਿਆ ਕਿ ਸਤੀਸ਼ ਕੌਸ਼ਿਕ ਕਿਸੇ ਨੂੰ ਮਿਲਣ ਲਈ ਗੁੜਗਾਓਂ ਸਥਿਤ ਇੱਕ ਫਾਰਮ ਹਾਊਸ ਗਿਆ ਸੀ। ਫਾਰਮ ਹਾਊਸ ਤੋਂ ਵਾਪਸ ਆਉਂਦੇ ਸਮੇਂ ਕਾਰ ‘ਚ ਸਤੀਸ਼ ਕੌਸ਼ਿਕ ਨੂੰ ਦਿਲ ਦਾ ਦੌਰਾ ਪਿਆ ਅਤੇ ਫਿਰ ਉਨ੍ਹਾਂ ਨੂੰ ਗੁੜਗਾਓਂ ਦੇ ਫੋਰਟਿਸ ਹਸਪਤਾਲ ਲਿਜਾਇਆ ਗਿਆ।