Gangster Lawrence Bishnoi: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਦੀ ਸ਼ਮੂਲੀਅਤ ਸੁਰਖੀਆਂ ਵਿਚ ਹੈ। ਪੰਜਾਬ ਪੁਲਿਸ ਇਸ ਸਬੰਧੀ ਗੈਂਗਸਟਰ ਤੋਂ ਕਈ ਗੇੜਾਂ ਦੀ ਪੁੱਛਗਿੱਛ ਵੀ ਕਰ ਚੁੱਕੀ ਹੈ।
ਦਿੱਲੀ ਪੁਲਿਸ ਨੇ ਵੀ ਇਸ ਕਤਲੇ ਬਾਰੇ ਬਿਸ਼ਨੋਈ ਤੋਂ ਪੁੱਛਗਿੱਛ ਕੀਤੀ ਸੀ। ਹੁਣ ਲਾਰੈਂਸ ਨੇ ਖੁਦ ਇਕ ਨਿੱਜੀ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ (Lawrence Bishnoi Interview) ‘ਚ ਸਿੱਧੂ ਮੂਸੇਵਾਲਾ ਦੇ ਕਤਲ ‘ਚ ਆਪਣੀ ਸ਼ਮੂਲੀਅਤ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਉਸ ਨੇ ਇੰਟਰਵਿਊ ਵਿੱਚ ਦਾਅਵਾ ਕੀਤਾ ਕਿ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿਆਸਤ ਵਿਚ ਆ ਸਕਦੇ ਹਨ।
ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਬਲਕੌਰ ਸਿੰਘ ਆਪਣੇ ਪੁੱਤਰ ਲਈ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਉਸ ਦੀ ਸ਼ਿਕਾਇਤ ਉਤੇ ਪੰਜਾਬ ਪੁਲਿਸ ਨੇ ਕਈ ਅਜਿਹੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਦਾ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਬਲਕੌਰ ਸਿੰਘ ਨੂੰ ਧਮਕੀਆਂ ਦੇਣ ਦੇ ਸਵਾਲ ਉਤੇ ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਉਨ੍ਹਾਂ ਵੱਲੋਂ ਅਜਿਹੀ ਕੋਈ ਚਿੱਠੀ ਨਹੀਂ ਲਿਖੀ ਗਈ।
ਜੇ ਕਿਸੇ ਹੋਰ ਨੇ ਅਜਿਹਾ ਕੀਤਾ ਹੈ, ਮੈਨੂੰ ਇਸ ਬਾਰੇ ਪਤਾ ਨਹੀਂ ਹੈ। ਗੈਂਗਸਟਰ ਲਾਰੈਂਸ ਨੇ ਕਿਹਾ ਕਿ ਉਹ (ਬਲਕੌਰ ਸਿੰਘ) ਮੇਰੇ ਬਜ਼ੁਰਗ ਵਰਗਾ ਹੈ। ਅਸੀਂ ਉਸ (ਸਿੱਧੂ ਮੂਸੇਵਾਲਾ) ਦੇ ਪਰਿਵਾਰ ਨੂੰ ਕਦੇ ਵੀ ਨਿਸ਼ਾਨਾ ਨਹੀਂ ਬਣਾਇਆ। ਉਹ (ਸਿੱਧੂ ਮੂਸੇਵਾਲਾ ਦਾ ਪਿਤਾ) ਸਾਡੇ ਖਿਲਾਫ ਬੋਲ ਰਿਹਾ ਹੈ।
ਇੰਟਰਵਿਊ ਦੌਰਾਨ ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰਦਿਆਂ ਲਾਰੈਂਸ ਬਿਸ਼ਨੋਈ ਨੇ ਕਿਹਾ, ‘ਸਾਡੇ ਭਰਾ ਦਾ ਕਤਲ ਕਰਵਾਉਣ ‘ਚ ਉਸ ਦਾ ਹੱਥ ਸੀ। ਗੁਰਲਾਲ ਨੂੰ, ਵਿੱਕੀ ਨੂੰ… ਸਾਡੇ ਉਸ ਦੇ ਪਰਿਵਾਰ ਨਾਲ ਨਹੀਂ ਸਗੋਂ ਉਸ ਨਾਲ ਮਤਭੇਦ ਸਨ। ਉਸ ਨੇ ਸਾਡੇ ਭਰਾਵਾਂ ਨੂੰ ਮਰਵਾਇਆ, ਇਸ ਲਈ ਸਾਡੇ ਭਰਾਵਾਂ ਨੇ ਉਸ (ਮੂਸਾਵਾਲਾ) ਨੂੰ ਮਾਰਿਆ ਹੋਵੇਗਾ। ਸਾਡਾ ਉਸ ਦੇ ਪਿਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।”
ਉਸ ਨੇ ਕਿਹਾ-”ਪੁੱਤ ਮਰ ਗਿਆ, ਉਸ ਤੋਂ ਬਾਅਦ ਰੈਲੀਆਂ ਕਰ ਰਹੇ ਹਨ। ਹੋ ਸਕਦਾ ਹੈ, ਉਸ ਨੇ ਰਾਜਨੀਤੀ ਵਿਚ ਆਉਣਾ ਹੈ, ਚੋਣ ਲੜਨੀ ਹੈ। ਲਾਰੈਂਸ ਨੇ ਇਹ ਵੀ ਦੋਸ਼ ਲਾਇਆ ਕਿ ਸਿੱਧੂ ਦੇ ਪਿਤਾ ਦਾ ਕੁਝ ਲੋਕਾਂ ਨਾਲ ਵਿੱਤੀ ਲੈਣ-ਦੇਣ ਹੈ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਗੈਂਗਸਟਰ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਨੇ 50 ਤੋਂ ਵੱਧ ਲੋਕਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਹੈ। ਜੇਕਰ ਇਹ ਕੇਸ ਸੀਬੀਆਈ ਕੋਲ ਜਾਂਦਾ ਹੈ ਤਾਂ ਇਨ੍ਹਾਂ ਵਿੱਚੋਂ 10 ਲੋਕ ਵੀ ਜੇਲ੍ਹ ਵਿਚ ਨਹੀਂ ਰਹਿਣਗੇ। 1800 ਪੰਨਿਆਂ ਦੀ ਚਾਰਜਸ਼ੀਟ ਬਣਾ ਦਿੱਤੀ ਗਈ ਹੈ।
ਜੇਕਰ ਸੀਬੀਆਈ ਜਾਂਚ ਹੁੰਦੀ ਹੈ ਤਾਂ ਬਹੁਤੇ ਲੋਕ ਛੁੱਟ ਜਾਣਗੇ। ਉਸ ਨੇ ਕਿਹਾ, ‘ਮੈਂ ਸਿੱਧੂ ਮੂਸੇਵਾਲੇ ਵਰਗਾ ਨਹੀਂ ਹਾਂ, ਮੈਂ ਪਾਕਿਸਤਾਨ ਦੇ ਨਾਲ-ਨਾਲ ਖਾਲਿਸਤਾਨ ਦੇ ਖਿਲਾਫ ਵੀ ਹਾਂ। ਮੈਂ ਰਾਸ਼ਟਰਵਾਦੀ ਹਾਂ, ਮੈਂ ਦੇਸ਼ ਭਗਤ ਹਾਂ। ਸਿਰਫ਼ ਮੈਂ ਹੀ ਨਹੀਂ ਮੇਰੇ ਗੈਂਗ ਦੇ ਸਾਰੇ ਲੋਕ ਦੇਸ਼ ਭਗਤ ਹਨ। ਅਸੀਂ ਉਨ੍ਹਾਂ ਦੇ ਖਿਲਾਫ ਹਾਂ ਜੋ ਦੇਸ਼ ਦੇ ਖਿਲਾਫ ਹਨ।