ਲਾਵਲ ਹੋਲਸਟਾਈਨ ਦੇ ਐਂਜੇਨਾ, ਅਰਜੁਨ, ਅਮਰੀਤਾ ਅਤੇ ਦਲਜੀਤ ਸਿੰਘ ਇਸ ਵਾਰ ਦੇ ਹਮਿਲਟਨ ਵਿੱਚ ਹੋਏ ਵਾਇਕਾਟੋ ਬੈਲੇਂਸ ਫਾਰਮ ਇਨਵਾਇਰਮੈਂਟ ਅਵਾਰਡ ਦੇ ਵਿਜੈਤਾ ਬਣੇ ਹਨ ਤੇ ਇਸ ਪਰਿਵਾਰ ਦੇ ਨਾਲ ਇਹ ਭਾਈਚਾਰੇ ਲਈ ਵੀ ਇੱਕ ਮਾਣ ਭਰੀ ਉਪਲਬਧੀ ਹੈ।
ਇਹ ਪਰਿਵਾਰ ਇਲਾਕੇ ਵਿੱਚ ਕਰੀਬ 1000 ਗਾਵਾਂ ਵਾਲਾ ਅੱਤ-ਆਧੁਨਿਕ ਫਾਰਮ ਚਲਾਉਂਦਾ ਹੈ, ਜਿਸ ਵਿੱਚ ਕੰਪਿਊਟਰ ਸਾਫਟਵੇਅਰ, ਆਧੁਨਿਕ ਮਸ਼ੀਨਰੀ ਦੀ ਮੱਦਦ ਨਾਲ ਇਸ ਪਰਿਵਾਰ ਨੇ ਹੀ ਫਾਰਮ ਨੂੰ ਅਜਿਹਾ ਬਣਾਇਆ ਹੈ ਕਿ ਇੱਥੇ ਮੌਜੂਦ ਹਰ ਪਸ਼ੂ ਲਈ ਵੱਖਰੀ ਖੁਰਾਕ ਤਿਆਰ ਹੁੰਦੀ ਹੈ, ਜੋ ਨਾ ਸਿਰਫ ਪਸ਼ੂ ਦੀ ਸਿਹਤ ਲਈ ਲਾਹੇਵੰਦ ਹੁੰਦੀ ਹੈ, ਬਲਕਿ ਇਨ੍ਹਾਂ ਪਸ਼ੂਆਂ ਵਲੋਂ ਖੁੱਲੇ ਵਿੱਚ ਚਰਨ ਮੌਕੇ ਪੈਦਾ ਕੀਤੇ ਮੀਥੇਨ ਗੈਸ ਦੇ ਮੁਕਾਬਲੇ ਫਾਰਮ ‘ਤੇ ਤਿਆਰ ਕੀਤੀ ਖੁਰਾਕ ਕਿਤੇ ਘੱਟ ਮੀਥੇਨ ਗੈਸ ਪੈਦਾ ਕਰਦੀ ਹੈ।
ਇਸ ਫਾਰਮ ਦੀ ਸ਼ੁਰੂਆਤ ਪਰਿਵਾਰ ਦੇ ਮੋਢੀ ਕਰਮਜੀਤ ਸਿੰਘ ਵਲੋਂ 1972 ਵਿੱਚ 65 ਗਾਵਾਂ ਨਾਲ ਹੋਈ ਸੀ, ਜਿਨ੍ਹਾਂ ਨੇ ਇਸ ਕੰਮ ਦੀ ਸ਼ੁਰੂਆਤ ਆਪਣੀ ਪਤਨੀ ਮਿਂਡੀ ਨਾਲ ਕੀਤੀ ਸੀ। ਕਰਮਜੀਤ ਸਿੰਘ 1969 ਵਿੱਚ ਇੰਡੀਆ ਤੋਂ ਨਿਊਜੀਲੈਂਡ ਆਏ ਸਨ।
ਉਸਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਅਮਨ ਤੇ ਪਤਨੀ ਦਲਜੀਤ ਕੌਰ ਨੇ ਇਸ ਕੰਮ ਨੂੰ ਅੱਗੇ ਵਧਾਇਆ ਤੇ ਅੱਜ ਪਰਿਵਾਰ ਦੀ ਪੰਜਵੀਂ ਪੀੜੀ ਨੇ ਇਸ ਕਾਰੋਬਾਰ ਵਿੱਚ ਮਾਣਮੱਤਾ ਇਤਿਹਾਸ ਸਿਰਜ ਦਿੱਤਾ ਹੈ।