ਅੰਮ੍ਰਿਤਸਰ ਵਿੱਚ ਸੁਰੱਖਿਆ ਏਜੰਸੀਆਂ ਹਾਈ ਅਲਰਟ ‘ਤੇ ਹਨ। ਹਰਿਮੰਦਰ ਸਾਹਿਬ ਕੰਪਲੈਕਸ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ। ਚਰਚਾ ਹੈ ਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁੱਖ ਅੰਮ੍ਰਿਤਪਾਲ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੀਡੀਆ ਸਾਹਮਣੇ ਪੁਲਿਸ ਕੋਲ ਆਤਮ ਸਮਰਪਣ ਕਰ ਸਕਦਾ ਹੈ।
ਦਰਅਸਲ ਪੰਜਾਬ ਪੁਲਿਸ ਤੇ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਹਰਿਮੰਦਰ ਸਾਹਿਬ ਵਿੱਚ ਮੀਡੀਆ ਸਾਹਮਣੇ ਆਤਮ ਸਮਰਪਣ ਕਰਨ ਦੀ ਤਿਆਰੀ ਕਰ ਰਿਹੈ ਹੈ। ਪੰਜਾਬ ਪੁਲਿਸ ਨੂੰ ਖਦਸ਼ਾ ਹੈ ਕਿ ਅੰਮ੍ਰਿਤਪਾਲ ਦਰਬਾਰ ਸਾਹਿਬ ‘ਚ ਦਾਖਲ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਜਾਣ ਦੀ ਕੋਸ਼ਿਸ਼ ਕਰ ਸਕਦਾ ਹੈ ਤੇ ਫਿਰ ਮੀਡੀਆ ਦੀ ਮੌਜੂਦਗੀ ‘ਚ ਜਨਤਕ ਤੌਰ ‘ਤੇ ਆਤਮ ਸਮਰਪਣ ਕਰਨ ਦਾ ਇਰਾਦਾ ਰੱਖਦਾ ਹੈ।
ਸੂਤਰਾਂ ਮੁਤਾਬਕ ਇਸ ਇਨਪੁਟ ਨੂੰ ਧਿਆਨ ਵਿੱਚ ਰੱਖਦੇ ਹੋਏ ਹਰਿਮੰਦਰ ਸਾਹਿਬ ਕੰਪਲੈਕਸ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪੰਜਾਬ ਪੁਲਿਸ ਤੋਂ ਇਲਾਵਾ ਜਾਂਚ ਏਜੰਸੀਆਂ ਵੀ ਹਾਈ ਅਲਰਟ ‘ਤੇ ਹਨ। ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਬੀਤੀ ਰਾਤ ਤੋਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਸਰਚ ਆਪਰੇਸ਼ਨ ਜਾਰੀ ਹੈ।
ਮੰਗਲਵਾਰ ਦੇਰ ਰਾਤ ਹੁਸ਼ਿਆਰਪੁਰ ਦੇ ਪਿੰਡ ਮਨਰਾਈਆਂ ਨੂੰ ਪੰਜਾਬ ਪੁਲਿਸ ਦੇ 700 ਤੋਂ ਵੱਧ ਜਵਾਨਾਂ ਨੇ ਘੇਰ ਲਿਆ ਅਤੇ ਹਰ ਪਾਸੇ ਬੈਰੀਕੇਡ ਲਗਾ ਦਿੱਤੇ। ਕਾਊਂਟਰ ਇੰਟੈਲੀਜੈਂਸ ਅਨੁਸਾਰ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਦੇ ਇਨੋਵਾ ਕਾਰ ਵਿੱਚ ਹੋਣ ਦਾ ਸ਼ੱਕ ਸੀ। ਫਗਵਾੜਾ ਤੋਂ ਹੁਸ਼ਿਆਰਪੁਰ ਤੱਕ ਪੁਲਿਸ ਨੇ ਕਾਰ ਦਾ ਪਿੱਛਾ ਕੀਤਾ। ਇਸ ਤੋਂ ਬਾਅਦ ਕਾਰ ‘ਚ ਸਵਾਰ ਚਾਰ ਵਿਅਕਤੀ ਪਿੰਡ ਮਨਰਾਇਆਂ ਦੇ ਇੱਕ ਗੁਰਦੁਆਰਾ ਸਾਹਿਬ ਨੇੜੇ ਪਹੁੰਚੇ ਅਤੇ ਉਥੇ ਹੀ ਗੱਡੀ ਛੱਡ ਕੇ ਫਰਾਰ ਹੋ ਗਏ। ਰਾਤ ਇੱਕ ਵਜੇ ਤੱਕ ਪੁਲਿਸ ਪਿੰਡ ਦੇ ਹਰ ਘਰ ਦੀ ਤਲਾਸ਼ੀ ਲੈ ਰਹੀ ਸੀ।
ਸੂਤਰਾਂ ਅਨੁਸਾਰ ਫਗਵਾੜਾ ਤੋਂ 2 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਸੂਤਰਾਂ ਮੁਤਾਬਕ 4 ਜ਼ਿਲਿਆਂ ਦੀ ਪੁਲਿਸ ਅਤੇ ਫੌਜ ਦੇ ਜਵਾਨ ਤਲਾਸ਼ ‘ਚ ਲੱਗੇ ਹੋਏ ਹਨ। ਦੇਰ ਰਾਤ ਅੰਮ੍ਰਿਤਸਰ ਤੋਂ ਵੀ ਪੁਲਿਸ ਬੁਲਾਈ ਗਈ। ਇਸ ਮੌਕੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਹਾਜ਼ਰ ਸਨ। ਰਾਤ 12 ਵਜੇ ਤੋਂ ਬਾਅਦ ਜਹਾਨ ਖੇਲ ਅਕੈਡਮੀ ਤੋਂ 200 ਹੋਰ ਜਵਾਨਾਂ ਨੂੰ ਬੁਲਾਇਆ ਗਿਆ। ਪੁਲਿਸ ਨੇ ਇਨੋਵਾ ਕਾਰ ਬਰਾਮਦ ਕਰ ਲਈ ਹੈ। ਪਿੰਡ ਮਨਰਾਇਆਂ ਦੇ ਜਸਵਿੰਦਰ ਸਿੰਘ ਜੱਸਾ ਨੇ ਦੱਸਿਆ ਕਿ ਗੁਰਦੁਆਰਾ ਬਾਬਾ ਭਾਈ ਚੰਚਲ ਜੀ ਦੇ ਕੋਲ 3 ਕੇਸ਼ਧਾਰੀ ਨੌਜਵਾਨ ਦਿਖਾਈ ਦਿੱਤੇ, ਜਿਸ ਕਾਰਨ ਰੌਲਾ ਪੈ ਗਿਆ।