ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਵਿਚ ਅੱਜ 30 ਤੇ 31 ਮਾਰਚ ਨੂੰ ਮੀਂਹ ਤੇ ਗੜੇਮਾਰੀ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।
ਮੌਸਮ ਵਿਭਾਗ ਨੇ ਦੋਵਾਂ ਸੂਬਿਆਂ ਵਿਚ ਔਰੇਂਜ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ 30 ਮਾਰਚ ਨੂੰ ਪੱਛਮੀ ਗੜਬੜੀ ਦੇ ਚਲਦਿਆਂ ਰਾਜਸਥਾਨ ਤੋਂ ਗਰਜ ਤੇ ਚਮਕ ਵਾਲੇ ਬੱਦਲ ਬਾਅਦ ਦੁਪਹਿਰ ਪੰਜਾਬ ਤੇ ਹਰਿਆਣਾ ਵੱਲ ਅੱਗੇ ਵਧਣਗੇ। ਇਸ ਨਾਲ ਸੂਬੇ ’ਚ ਭਾਰੀ ਮੀਂਹ ਪੈਣ ਦੇ ਨਾਲ ਗੜੇਮਾਰੀ ਹੋ ਸਕਦੀ ਹੈ।
ਇਸੇ ਤਰ੍ਹਾਂ 31 ਮਾਰਚ ਨੂੰ ਪੰਜਾਬ ਭਰ ਵਿਚ ਸਾਰਾ ਦਿਨ ਮੀਂਹ ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਜਦੋਂ ਕਿ ਪਹਿਲੀ ਅਪਰੈਲ ਨੂੰ ਮੌਸਮ ਖੁਸ਼ਕ ਰਹੇਗਾ ਤੇ ਮੁੜ 2 ਅਪਰੈਲ ਨੂੰ ਮੌਸਮ ਖਰਾਬ ਹੋ ਸਕਦਾ ਹੈ। ਪੰਜਾਬ ਤੇ ਹਰਿਆਣਾ ’ਚ ਪਿਛਲੇ ਹਫ਼ਤੇ ਮੀਂਹ ਤੇ ਗੜੇਮਾਰੀ ਕਰਕੇ ਹਾੜ੍ਹੀ ਦੀ ਫਸਲ ਦਾ ਕਾਫੀ ਨੁਕਸਾਨ ਹੋ ਗਿਆ ਹੈ, ਪਰ ਮੁੜ ਮੌਸਮ ’ਚ ਤਬਦੀਲੀ ਦੀ ਜਾਣਕਾਰੀ ਮਿਲਦਿਆਂ ਹੀ ਕਿਸਾਨਾਂ ਦੇ ਸਾਹ ਸੂਤੇ ਗਏ ਹਨ।
ਦੱਸ ਦਈਏ ਕਿ ਆਈ.ਐਮ.ਡੀ .ਮੁਤਾਬਕ ਅਗਲੇ ਦੋ ਦਿਨਾਂ ਵਿਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਚੰਡੀਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਸਮੇਤ ਕਈ ਸੂਬਿਆਂ ਵਿਚ ਗਰਜ ਨਾਲ ਗੜ੍ਹੇਮਾਰੀ ਅਤੇ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਦੱਸ ਦਈਏ ਕਿ ਪਿਛਲੇ ਹਫਤੇ ਹੋਏ ਬੇਮੌਸਮੇ ਮੀਂਹ ਨੇ ਦੇਸ਼ ਦੇ ਕਈ ਸੂਬਿਆਂ ਦੇ ਵਿਚ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ। ਪਾਣੀ ਭਰਨ ਨਾਲ ਕਣਕ ਦੇ ਝਾੜ ਵਿਚ ਭਾਰੀ ਕਮੀ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ। ਬਦਲਦੇ ਮੌਸਮ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਵਧਾ ਦਿੱਤਾ ਹੈ । ਹਾਲਾਂਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ।