India News

Kotkapura Firing Incident: ਲੋਕ ਆਉਣ ਵਾਲੇ ਵੀਰਵਾਰ ਨੂੰ SIT ਨਾਲ ਵ੍ਹੱਟਸਐਪ ਤੇ ਈ-ਮੇਲ ਰਾਹੀਂ ਵੀ ਜਾਣਕਾਰੀ ਕਰ ਸਕਦੇ ਹਨ ਸਾਂਝੀ

ਰਾਮ ਨੌਮੀ ਮੌਕੇ ਗਜ਼ਟਿਡ ਛੁੱਟੀ ਹੋਣ ਦੇ ਮੱਦੇਨਜ਼ਰ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਦੇ ਮੁਖੀ ਏਡੀਜ.ਪੀ ਐਲਕੇ ਯਾਦਵ ਨੇ ਦੱਸਿਆ ਕਿ ਆਮ ਲੋਕ ਇਸ ਕੇਸ ਸਬੰਧੀ ਕੋਈ ਵੀ ਜਾਣਕਾਰੀ ਆਉਣ ਵਾਲੇ ਵੀਰਵਾਰ (6 ਅਪ੍ਰੈਲ, 2023) ਨੂੰ ਉਨ੍ਹਾਂ ਨਾਲ ਸਾਂਝੀ ਕਰ ਸਕਦੇ ਹਨ।

ਦੱਸ ਦਈਏ ਕਿ 14 ਅਕਤੂਬਰ, 2015 ਨੂੰ ਵਾਪਰੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਅੰਤਿਮ ਪੜਾਅ ‘ਤੇ ਪਹੁੰਚ ਗਈ ਹੈ। ਏ.ਡੀ.ਜੀ.ਪੀ. ਨੇ ਕਿਹਾ ਕਿ ਲੋਕ ਇਸ ਸਬੰਧੀ ਵਟਸਐਪ ਨੰਬਰ 9875983237 ‘ਤੇ ਮੈਸੇਜ ਭੇਜ ਕੇ ਜਾਂ ਆਈਡੀ [email protected] ‘ਤੇ ਈਮੇਲ ਕਰਕੇ ਵੀ ਜਾਣਕਾਰੀ ਸਾਂਝੀ ਕਰ ਸਕਦੇ ਹਨ।

ਉਨ੍ਹਾਂ ਅੱਗੇ ਕਿਹਾ ਇਸ ਪੜਾਅ ‘ਤੇ ਕਿਸੇ ਵੀ ਜ਼ਿੰਮੇਵਾਰ ਵਿਅਕਤੀ ਵੱਲੋਂ ਦਿੱਤੀ ਕੋਈ ਵੀ ਇਨਪੁਟ/ਜਾਣਕਾਰੀ ਐਸ.ਆਈ.ਟੀ. ਲਈ ਜਾਂਚ ਦੀ ਇਸ ਕਾਨੂੰਨੀ ਪ੍ਰਕਿਰਿਆ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਵਿੱਚ ਬਹੁਤ ਲਾਹੇਵੰਦ ਸਾਬਤ ਹੋ ਸਕਦੀ ਹੈ।

ਏਡੀਜੀਪੀ ਨੂੰ ਸੌਂਪੀ ਇਸ ਜਿੰਮੇਵਾਰੀ ਨੂੰ ਨਿਭਾਉਣ ‘ਚ ਐਸਆਈਟੀ ਦਾ ਸਹਿਯੋਗ ਕਰਨ ਲਈ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਨਾਲ ਜੁੜੀ ਜਾਂਚ ਦੀ ਕਾਨੂੰਨੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਪੰਜਾਬ ਦੇ ਹਰੇਕ ਵਿਅਕਤੀ ਵੱਲੋਂ ਦਿੱਤੀ ਕੋਈ ਵੀ ਜਾਣਕਾਰੀ ਲਾਹੇਵੰਦ ਹੋ ਸਕਦੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਨਿਰਦੇਸ਼ਾਂ ‘ਤੇ ਸੂਬਾ ਸਰਕਾਰ ਨੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਜਾਂਚ ਲਈ ਏਡੀਜੀਪੀ ਐਲਕੇ ਯਾਦਵ, ਆਈਜੀ ਰਾਕੇਸ਼ ਅਗਰਵਾਲ ਅਤੇ ਐੱਸਐੱਸਪੀ ਮੋਗਾ ਗੁਲਨੀਤ ਸਿੰਘ ਖੁਰਾਣਾ ਸਮੇਤ ਤਿੰਨ ਸੀਨੀਅਰ ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਸੀ। ਵਿਸ਼ੇਸ਼ ਜਾਂਚ ਟੀਮ ਵੱਲੋਂ 24 ਫਰਵਰੀ, 2023 ਨੂੰ ਅਦਾਲਤ ਵਿੱਚ ਆਪਣਾ ਪਹਿਲਾ ਚਲਾਨ ਪੇਸ਼ ਕੀਤਾ ਗਿਆ ਸੀ।

Video