ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਜੀ ਦੀ ਪਵਿੱਤਰ ਯਾਤਰਾ 20 ਮਈ ਤੋਂ ਸ਼ੁਰੂ ਹੋ ਰਹੀ ਹੈ। ਇਹ ਜਾਣਕਾਰੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਇਸ ਸਮੇਂ ਗੁਰਦੁਆਰਾ ਸ੍ਰੀ ਗੋਵਿੰਦ ਧਾਮ ਤੋਂ 6 ਕਿਲੋਮੀਟਰ ਅੱਗੇ ਗੁਰਦੁਆਰਾ ਸਾਹਿਬ ਨੂੰ ਜਾਂਦे ਯਾਤਰਾ ਮਾਰਗ ‘ਤੇ ਬਰਫ਼ ਹੈ ।
ਰਸਤੇ ‘ਤੇ ਪਈ ਬਰਫ਼ ਨੂੰ ਹਰ ਸਾਲ ਫ਼ੌਜ ਦੇ ਜਵਾਨਾਂ ਵੱਲੋਂ ਦਿਨ-ਰਾਤ ਮਿਹਨਤ ਕਰਕੇ ਰਾਹਗੀਰਾਂ ਦੇ ਆਉਣ-ਜਾਣ ਯੋਗ ਬਣਾਇਆ ਜਾਂਦਾ ਹੈ | ਇਸ ਵਾਰ ਰਸਤੇ ‘ਤੇ ਕਾਫੀ ਬਰਫ ਪਈ ਹੈ। ਜਿਸ ਕਾਰਨ ਫੌਜ ਦੇ ਜਵਾਨਾਂ ਨੂੰ ਇੱਕ ਮਹੀਨਾ ਪਹਿਲਾਂ ਬਰਫ ਸਾਫ਼ ਕਰਨ ਲਈ ਜਾਣਾ ਪੈਂਦਾ ਹੈ।
ਬਿੰਦਰਾ ਨੇ ਦੱਸਿਆ ਕਿ ਇਸ ਸਬੰਧੀ ਉੱਤਰਾਖੰਡ ਸਰਕਾਰ ਦੇ ਮੁੱਖ ਸਕੱਤਰ ਡਾ.ਐਸ.ਐਸ.ਸੰਧੂ ਨਾਲ ਮੀਟਿੰਗ ਅੱਜ ਬੁੱਧਵਾਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਗੁਰਦੁਆਰਾ ਟਰੱਸਟ ਵੱਲੋਂ ਸਰਕਾਰ ਦੇ ਸਹਿਯੋਗ ਨਾਲ ਇਸ ਸਾਲ 20 ਮਈ ਨੂੰ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਖੋਲ੍ਹੇ ਜਾਣਗੇ।
ਉਨ੍ਹਾਂ ਦੱਸਿਆ ਕਿ ਯਾਤਰਾ ਮਾਰਗ ‘ਤੇ ਪਈ ਬਰਫ਼ ਨੂੰ ਹਟਾਉਣ ਲਈ ਭਾਰਤੀ ਫ਼ੌਜ ਦੇ ਜਵਾਨ 20 ਅਪਰੈਲ ਨੂੰ ਘਨਘੜੀਆ ਲਈ ਰਵਾਨਾ ਹੋਣਗੇ।
ਉਨ੍ਹਾਂ ਦੱਸਿਆ ਕਿ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦੇਸ਼-ਵਿਦੇਸ਼ ਤੋਂ ਪੁੱਜਦੀਆਂ ਹਨ। ਇਸ ਸਬੰਧੀ ਲੰਗਰ-ਪਾਣੀ, ਡਾਕਟਰੀ ਸਹਾਇਤਾ ਅਤੇ ਹੋਰ ਸਹੂਲਤਾਂ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਬਿੰਦਰਾ ਨੇ ਟਰੱਸਟ ਦੀ ਤਰਫੋਂ ਯਾਤਰਾ ਲਈ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ‘ਤੇ ਧਿਆਨ ਨਾ ਦੇਣ ਅਤੇ ਯਾਤਰਾ ਸਬੰਧੀ ਪੂਰੀ ਜਾਣਕਾਰੀ ਗੁਰਦੁਆਰਿਆਂ ਨਾਲ ਸੰਪਰਕ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਉਤਰਾਖੰਡ ਸਰਕਾਰ ਨੇ ਵੀ ਯਾਤਰੀਆਂ ਨੂੰ ਪ੍ਰਸ਼ਾਸਨ ਅਤੇ ਟਰੱਸਟ ਵੱਲੋਂ ਸਮੇਂ-ਸਮੇਂ ‘ਤੇ ਦਿੱਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਉਨ੍ਹਾਂ ਦੀ ਯਾਤਰਾ ਨੂੰ ਸੁਚਾਰੂ ਢੰਗ ਨਾਲ ਪੂਰਾ ਕੀਤਾ ਜਾ ਸਕੇ।