ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਕੇਂਦਰ ਸਰਕਾਰ ਨੇ ਕਣਕ ਦੇ ਟੁੱਟੇ ਤੇ ਬਦਰੰਗ ਦਾਣਿਆਂ ਦੀ ਖਰੀਦ ‘ਤੇ 18 ਫੀਸਦ ਤਕ ਛੋਟ ਦੇਣ ਦਾ ਫੈਸਲਾ ਕੀਤਾ ਹੈ।
ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸਿਰਫ 6 ਫ਼ੀਸਦ ਤਕ ਖਰਾਬ ਹੋਏ ਅਨਾਜ ਦੀ ਖਰੀਦ ਕੀਤੀ ਜਾ ਸਕਦੀ ਸੀ। ਚੇਤੇ ਰਹੇ ਕਿ ਪਿਛਲੇ ਦਿਨੀਂ ਪਏ ਮੀਂਹ ਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦੇ ਨੁਕਸਾਨ ਹੋਣ ਦੀਆਂ ਕਈ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਤੇ ਕਿਸਾਨਾਂ ਦੇ ਪੱਖ ਤੋਂ ਮੁਆਵਜ਼ੇ ਦੀ ਵੀ ਲਗਾਤਾਰ ਚਰਚਾ ਕੀਤੀ ਜਾ ਰਹੀ ਹੈ।
ਕੇਂਦਰ ਦੀਆਂ ਚਾਰ ਟੀਮਾਂ ਨੇ ਸੂਬੇ ਵਿਚ ਕਈ ਥਾਵਾਂ ’ਤੇ ਸੈਂਪਲਿੰਗ ਕਰ ਕੇ ਦੇਖਿਆ ਕਿ ਮੀਂਹ ਤੇ ਗੜੇਮਾਰੀ ਕਾਰਨ ਕਣਕ ਦਾ ਭਾਰੀ ਨੁਕਸਾਨ ਹੋਇਆ ਹੈ। ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀਆਂ ਖਰਾਬ ਹੋਈਆਂ ਫਸਲਾਂ ਸਬੰਧੀ ਕਿਸਾਨਾਂ ਦੀ ਗਿਰਦਾਵਰੀ ਕਰਵਾਉਣ ਦਾ ਐਲਾਨ ਵੀ ਕੀਤਾ ਗਿਆ ਹੈ।
ਹੁਣ ਕੇਂਦਰ ਸਰਕਾਰ ਵੱਲੋਂ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ ਵੀ ਤੈਅ ਕੀਤਾ ਗਿਆ ਹੈ। ਕਿਸਾਨਾਂ ਤੋਂ ਇਹ 2150 ਰੁਪਏ ਦੇ ਹਿਸਾਬ ਨਾਲ ਖਰੀਦੀ ਜਾਵੇਗੀ।
ਕਿਸਾਨਾਂ ਨੂੰ ਲਸਟਰ ਲੌਸ ‘ਚ ਮਿਲੀ ਇਹ ਰਾਹਤ
- ਕੇਂਦਰ ਸਰਕਾਰ ਨੇ ਲਸਟਰ ਲੌਸ ਨੂੰ 6% ਤੋਂ ਵਧਾ ਕੇ 18% ਕਰ ਦਿੱਤਾ ਹੈ। 6% ਤੋਂ ਉੱਪਰ ਅਤੇ 8% ਤਕ ਸੁੱਕੇ ਅਤੇ ਟੁੱਟੇ ਅਨਾਜ ਲਈ 5.31 ਪ੍ਰਤੀ ਕੁਇੰਟਲ ਦੀ ਕਟੌਤੀ ਕੀਤੀ ਜਾਵੇਗੀ।
- ਇਸ ਦੇ ਨਾਲ ਹੀ ਅੱਠ ਫੀਸਦੀ ਤੋਂ ਵੱਧ ਅਤੇ ਦਸ ਫੀਸਦੀ ਤਕ ਸੁੱਕੇ ਅਤੇ ਟੁੱਟੇ ਅਨਾਜ ‘ਤੇ 10.62 ਪ੍ਰਤੀ ਕੁਇੰਟਲ ਦੀ ਕਟੌਤੀ ਕੀਤੀ ਜਾਵੇਗੀ।
- 10 ਤੋਂ ਵੱਧ ਤੇ 12 ਫੀਸਦੀ ਤਕ ਸੁੱਕੇ ਅਤੇ ਟੁੱਟੇ ਦਾਣੇ ‘ਤੇ 15.93 ਰੁਪਏ ਪ੍ਰਤੀ ਕੁਇੰਟਲ ਦੀ ਕਟੌਤੀ ਕੀਤੀ ਜਾਵੇਗੀ। ਇਸ ਦੇ ਨਾਲ ਹੀ 12 ਅਤੇ 14 ਫੀਸਦੀ ਤੋਂ ਵੱਧ ਸੁੱਕੇ ਤੇ ਟੁੱਟੇ ਅਨਾਜ ‘ਤੇ 21.25 ਰੁਪਏ ਪ੍ਰਤੀ ਕੁਇੰਟਲ ਦੀ ਕਟੌਤੀ ਕੀਤੀ ਜਾਵੇਗੀ।ਨਵੇਂ ਨਿਯਮਾਂ ਮੁਤਾਬਕ 14 ਤੋਂ ਵੱਧ ਅਤੇ 16 ਫੀਸਦੀ ਤਕ 26.56 ਰੁਪਏ ਪ੍ਰਤੀ ਕੁਇੰਟਲ ਦੀ ਕਟੌਤੀ ਕੀਤੀ ਜਾਵੇਗੀ। ਇਸ ਦੇ ਨਾਲ ਹੀ 16 ਤੋਂ ਉਪਰ ਅਤੇ 18 ਫੀਸਦੀ ਤੱਕ 31.87 ਪ੍ਰਤੀ ਕੁਇੰਟਲ ਦੀ ਕਟੌਤੀ ਕੀਤੀ ਜਾਵੇਗੀ।