ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ‘ਤੇ ਇਲਜ਼ਾਮ ਲਾਇਆ ਹੈ ਕਿ ਉਹ ਮੇਰਾ ਕਤਲ ਵੀ ਕਰਵਾ ਸਕਦੇ ਹਨ। ਚੰਨੀ ਅੱਜ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵਿਜੀਲੈਂਸ ਸਾਹਮਣੇ ਪੇਸ਼ ਹੋਏ ਹਨ।
ਪੇਸ਼ੀ ਤੋਂ ਪਹਿਲਾਂ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿਖੇ ਚਰਨਜੀਤ ਚੰਨੀ ਨੇ ਕਿਹਾ, ‘ਵਿਜੀਲੈਂਸ ਨੇ ਪਹਿਲਾਂ 12 ਅਪ੍ਰੈਲ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਬੁਲਾਇਆ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਕੁਝ ਰੁਝੇਵੇਂ ਹੋਣ ਕਰਕੇ ਮੈਂ ਅਜੇ ਨਹੀਂ ਆ ਸਕਦਾ।
ਚੰਨੀ ਨੇ ਕਿਹਾ, ‘ਇਸ ਮਗਰੋਂ ਵਿਜੀਲੈਂਸ ਨੇ ਮੈਨੂੰ 20 ਅਪ੍ਰੈਲ ਨੂੰ ਬੁਲਾਇਆ ਸੀ। ਜਦੋਂ ਮੈਂ ਪ੍ਰੈੱਸ ਕਾਨਫਰੰਸ ਵਿੱਚ ਸੱਚਾਈ ਦੱਸੀ ਤਾਂ ਸਰਕਾਰ ਬੁਖਲਾ ਗਈ ਤੇ ਵਿਜੀਲੈਂਸ ਵੱਲੋਂ ਮੈਨੂੰ ਅੱਜ ਹੀ ਬੁਲਾ ਲਿਆ ਗਿਆ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵਿਸਾਖੀ ਦੀ ਛੁੱਟੀ ਹੋਣ ਦੇ ਬਾਵਜੂਦ ਮੇਰੇ ਲਈ ਵਿਜੀਲੈਂਸ ਦਫਤਰ ਖੋਲ੍ਹਿਆ ਹੈ, ਤਾਂ ਜੋ ਮੈਨੂੰ ਪ੍ਰੇਸ਼ਾਨ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੈਂ CM ਭਗਵੰਤ ਮਾਨ ਦੀ ਸਰਕਾਰ ਦੇ ਜ਼ੁਲਮ ਸਹਿਣ ਲਈ ਤਿਆਰ ਹਾਂ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੇਰੇ ਨਾਲ ਮਾਰ-ਕੁਟਾਈ ਵੀ ਕਰ ਸਕਦੀ ਹੈ। ਇੱਥੋਂ ਤੱਕ ਕਿ ਕਤਲ ਵੀ ਕਰਵਾ ਸਕਦੀ ਹੈ, ਪਰ ਮੈਂ ਇਕੱਲਾ ਹੀ ਵਿਜੀਲੈਂਸ ਦਫ਼ਤਰ ਜਾਵਾਂਗਾ।
ਪੰਜਾਬ ਸਰਕਾਰ ਮੈਨੂੰ ਗ੍ਰਿਫਤਾਰ ਕਰ ਸਕਦੀ ਹੈ। ਅੱਜ ਹੀ ਮੈਨੂੰ ਜੇਲ੍ਹ ਵਿੱਚ ਸੁੱਟ ਸਕਦਾ ਹੈ ਪਰ, ਮੈਨੂੰ ਮੇਰੇ ਗੁਰੂ ਤੇ ਚਮਕੌਰ ਸਾਹਿਬ ਦੇ ਵੱਡੇ ਸਾਹਿਬਜ਼ਾਦਿਆਂ ਤੋਂ ਸਰਕਾਰ ਦੇ ਜ਼ੁਲਮ ਨੂੰ ਸਹਿਣ ਦਾ ਬਲ ਮਿਲ ਰਿਹਾ ਹੈ।’