ਜੰਮੂ-ਕਸ਼ਮੀਰ ‘ਚ ਸ਼ੁੱਕਰਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਊਧਮਪੁਰ ਦੇ ਚੇਨਾਨੀ ਬਲਾਕ ਦੇ ਬੇਨ ਪਿੰਡ ਦੇ ਬੇਨੀ ਸੰਗਮ ‘ਚ ਵਿਸਾਖੀ ਤਿਉਹਾਰ ਦੌਰਾਨ ਫੁੱਟਬ੍ਰਿਜ ਡਿੱਗ ਗਿਆ। ਇਸ ਹਾਦਸੇ ‘ਚ ਕਈ ਸ਼ਰਧਾਲੂਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਬਚਾਅ ਕਾਰਜ ਜਾਰੀ ਹੈ।
ਪੁਲਿਸ ਅਤੇ ਹੋਰ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਊਧਮਪੁਰ ਦੇ ਐਸਐਸਪੀ ਡਾਕਟਰ ਵਿਨੋਦ ਨੇ ਦੱਸਿਆ ਕਿ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਬਚਾਅ ਕਾਰਜ ਜਾਰੀ ਹੈ।
20 ਤੋਂ 25 ਸ਼ਰਧਾਲੂ ਜ਼ਖ਼ਮੀ
ਊਧਮਪੁਰ ਦੇ ਬੇਨੀ ਸੰਗਮ ‘ਚ ਵਿਸਾਖੀ ਮੇਲੇ ਦੌਰਾਨ ਦੇਵਿਕਾ ‘ਤੇ ਬਣਿਆ ਪੁਲ਼ ਡਿੱਗ ਗਿਆ ਸੀ। ਪੁਲ਼ ਦੇ ਡਿੱਗਣ ਕਾਰਨ ਹਫੜਾ-ਦਫੜੀ ਮੱਚ ਗਈ। ਜ਼ਿਕਰਯੋਗ ਹੈ ਕਿ ਵਿਸਾਖੀ ਦੇ ਖਾਸ ਮੌਕੇ ‘ਤੇ ਇੱਥੇ ਸ਼ਰਧਾਲੂਆਂ ਦੀ ਭੀੜ ਜੁੜੀ ਹੋਈ ਸੀ।
ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ 20 ਤੋਂ 25 ਸ਼ਰਧਾਲੂਆਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਫਿਲਹਾਲ ਕਿਸੇ ਦੀ ਹਾਲਤ ਗੰਭੀਰ ਨਹੀਂ ਹੈ।