ਚੰਡੀਗੜ੍ਹ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ‘ਤੇ ਹੋਈਆਂ ਸਰਕਾਰੀ ਮੀਟਿੰਗਾਂ ‘ਚ ਪਿਛਲੇ 11 ਮਹੀਨਿਆਂ ਦੌਰਾਨ ਚਾਹ-ਪਾਣੀ ਅਤੇ ਖਾਣੇ ਆਦਿ ‘ਤੇ 24 ਲੱਖ 96 ਹਜ਼ਾਰ 640 ਰੁਪਏ ਖਰਚ ਕੀਤੇ ਗਏ ਹਨ।
ਬਠਿੰਡਾ ਦੇ ਆਰਟੀਆਈ ਕਾਰਕੁਨ ਸੰਜੀਵ ਗੋਇਲ ਵੱਲੋਂ ਆਰਟੀਆਈ ਤਹਿਤ ਮੰਗੀ ਗਈ ਜਾਣਕਾਰੀ ਵਿਚ ਇਹ ਅੰਕੜਾ ਡਾਇਰੈਕਟਰ, ਪਬਲੀਸਿਟੀ ਐਂਡ ਹੋਸਪਿਟੈਲਿਟੀ ਵਿਭਾਗ, ਪੰਜਾਬ, ਚੰਡੀਗੜ੍ਹ ਵੱਲੋਂ ਦਿੱਤਾ ਗਿਆ ਹੈ। ਜੇਕਰ ਅਸੀਂ ਇਸ ਰਕਮ ਦਾ ਪ੍ਰਤੀ ਮਹੀਨਾ ਔਸਤਨ ਹਿਸਾਬ ਕਰੀਏ ਤਾਂ ਪ੍ਰਤੀ ਮਹੀਨਾ ਔਸਤਨ 2 ਲੱਖ 27 ਹਜ਼ਾਰ ਰੁਪਏ ਬਣਦੀ ਹੈ। ਇਹ ਅੰਕੜਾ ਸਿਰਫ ਪੰਜਾਬ ਦੇ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਪਿਛਲੇ 11 ਮਹੀਨਿਆਂ ਦੌਰਾਨ ਹੋਈਆਂ ਸਰਕਾਰੀ ਮੀਟਿੰਗਾਂ ‘ਚ ਚਾਹ, ਪਾਣੀ ਅਤੇ ਖਾਣੇ ‘ਤੇ ਹੋਏ ਖਰਚ ਦਾ ਹੈ।
ਆਰਟੀਆਈ ਕਾਰਕੁਨ ਸੰਜੀਵ ਗੋਇਲ ਨੇ ਦੱਸਿਆ ਕਿ 14 ਜਨਵਰੀ 2023 ਨੂੰ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਚੰਡੀਗੜ੍ਹ ਨੂੰ ਇਕ ਅਰਜ਼ੀ ਭੇਜ ਕੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੇ ਚੰਡੀਗੜ੍ਹ ਤੇ ਜ਼ਿਲ੍ਹਾ ਸੰਗਰੂਰ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਹੋਣ ਵਾਲੇ ਸਾਰੇ ਪ੍ਰੋਗਰਾਮਾਂ ਤੇ ਹੋਰ ਇਕੱਠਾਂ ਬਾਰੇ ਪੂਰੀ ਜਾਣਕਾਰੀ ਮੰਗੀ ਸੀ।
ਇਸ ਤੋਂ ਬਾਅਦ ਆਰਟੀਆਈ ਬਿਨੈ ਦੀ ਜਾਣਕਾਰੀ ਦੇਣ ਲਈ ਮੁੱਖ ਮੰਤਰੀ ਦਫ਼ਤਰ, ਪੰਜਾਬ ਚੰਡੀਗੜ੍ਹ ਨੂੰ ਡਾਇਰੈਕਟਰ, ਰਿਸੈਪਸ਼ਨ ਅਤੇ ਹੋਸਪਿਟੈਲਿਟੀ ਵਿਭਾਗ, ਪੰਜਾਬ ਚੰਡੀਗੜ੍ਹ ਨੂੰ ਟਰਾਂਸਫਰ ਕਰ ਦਿੱਤਾ ਗਿਆ।
ਡਾਇਰੈਕਟਰ ਪ੍ਰਾਹੁਣਚਾਰੀ ਤੇ ਹੌਸਪਿਟੈਲਿਟੀ ਵਿਭਾਗ, ਪੰਜਾਬ, ਚੰਡੀਗੜ੍ਹ ਵੱਲੋਂ ਭੇਜੇ ਪੱਤਰ ਨੰਬਰ 2023/1287 ਵਿਚ ਉਨ੍ਹਾਂ ਵੱਲੋਂ ਮੰਗੀ ਗਈ ਪੂਰੀ ਜਾਣਕਾਰੀ ਨਹੀਂ ਭੇਜੀ ਗਈ ਤੇ ਭੇਜੀ ਗਈ ਸੂਚਨਾ ਵਿਚ ਸਪੱਸ਼ਟ ਲਿਖਿਆ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚੰਡੀਗੜ੍ਹ ਅਤੇ ਸੰਗਰੂਰ ਵਿੱਚ ਰਹਿੰਦੇ ਹਨ। ਇਸ ਦਫ਼ਤਰ ਵੱਲੋਂ ਕੋਈ ਸਮਾਗਮ ਨਹੀਂ ਕਰਵਾਇਆ ਗਿਆ।
ਉੱਥੇ ਹੀ ਮਾਰਚ 2022 ਤੋਂ ਜਨਵਰੀ 2023 (ਲਗਪਗ 11 ਮਹੀਨੇ) ਦੌਰਾਨ ਹੋਈਆਂ ਸਰਕਾਰੀ ਮੀਟਿੰਗਾਂ ਵਿੱਚ ਪੰਜਾਬ ਭਵਨ ਸੈਕਟਰ-3, ਚੰਡੀਗੜ੍ਹ ਵੱਲੋਂ ਵਰਤਾਏ ਜਾਣ ਵਾਲੇ ਚਾਹ-ਪਾਣੀ ਅਤੇ ਖਾਣੇ ਆਦਿ ’ਤੇ ਕੁੱਲ 24 ਲੱਖ 96 ਹਜ਼ਾਰ 640 ਰੁਪਏ ਖਰਚ ਕੀਤੇ ਗਏ। ਮੁੱਖ ਮੰਤਰੀ ਪੰਜਾਬ ਦੀ ਚੰਡੀਗੜ੍ਹ ਰਿਹਾਇਸ਼ ‘ਤੇ ਖਰਚ ਕੀਤੇ ਗਏ।