ਸੀਬੀਆਈ ਆਬਕਾਰੀ ਨੀਤੀ ਘੁਟਾਲਾ ਮਾਮਲੇ ‘ਚ ਮੰਗਲਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਦੌਰਾਨ ਕੇਜਰੀਵਾਲ ਲਈ ਇਕ ਹੋਰ ਮੁਸੀਬਤ ਵਾਲੀ ਖਬਰ ਆਈ ਹੈ।
ਅਹਿਮਦਾਬਾਦ ਦੀ ਇਕ ਅਦਾਲਤ ਨੇ ਮੁੱਖ ਮੰਤਰੀ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਅਪਰਾਧਿਕ ਮਾਣਹਾਨੀ ਦੀ ਸ਼ਿਕਾਇਤ ਮਾਮਲੇ ‘ਚ ਸੰਮਨ ਜਾਰੀ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਕਾਦਮਿਕ ਡਿਗਰੀ ਨੂੰ ਲੈ ਕੇ ਗੁਜਰਾਤ ਯੂਨੀਵਰਸਿਟੀ ਖਿਲਾਫ ਕਥਿਤ ਤੌਰ ‘ਤੇ ਵਿਅੰਗਾਤਮਕ ਬਿਆਨ ਦੇਣ ਦੇ ਦੋਸ਼ ‘ਚ ਦੋਵਾਂ ਆਗੂਆਂ ਖਿਲਾਫ ਸ਼ਿਕਾਇਤ ਦਰਜ ਹੈ।
23 ਮਈ ਨੂੰ ਕੀਤਾ ਤਲਬ
ਵਧੀਕ ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ ਜੈੇਸ਼ਭਾਈ ਚੋਵਾਟੀਆ ਦੀ ਅਦਾਲਤ ਨੇ ਸ਼ਨੀਵਾਰ ਨੂੰ ‘ਆਪ’ ਦੇ ਦੋਵਾਂ ਆਗੂਆਂ ਨੂੰ 23 ਮਈ ਨੂੰ ਤਲਬ ਕੀਤਾ ਹੈ। ਜੱਜ ਨੇ ਕਿਹਾ ਕਿ ਪਹਿਲੀ ਨਜ਼ਰ ‘ਚ ਇੰਡੀਅਨ ਪੀਨਲ ਕੋਡ ਦੀ ਧਾਰਾ 500 (ਮਾਨਹਾਨੀ) ਦੇ ਤਹਿਤ ਗੁਜਰਾਤ ਯੂਨੀਵਰਸਿਟੀ ਦੀ ਸ਼ਿਕਾਇਤ ‘ਤੇ ਉਨ੍ਹਾਂ ਖਿਲਾਫ ਮਾਮਲਾ ਜਾਪਦਾ ਹੈ।
ਪੀਐਮ ਮੋਦੀ ਦੀ ਡਿਗਰੀ ਬਾਰੇ ਕੀਤੀ ਦੀ ਟਿੱਪਣੀ
ਕੇਜਰੀਵਾਲ ਤੇ ਸਿੰਘ ਨੇ ਇਹ ਟਿੱਪਣੀ ਗੁਜਰਾਤ ਹਾਈ ਕੋਰਟ ਵੱਲੋਂ ਚੀਫ ਇਨਫੋਰਮੇਸ਼ਨ ਕਮਿਸ਼ਨਰ ਦੇ ਉਸ ਹੁਕਮ ਨੂੰ ਰੱਦ ਕਰਨ ਦੇ ਆਦੇਸ਼ ਤੋਂ ਬਾਅਦ ਕੀਤੀ ਸੀ, ਜਿਸ ਵਿਚ ਗੁਜਰਾਤ ਯੂਨੀਵਰਸਿਟੀ (GU) ਨੂੰ ਪੀਐੱਮ ਮੋਦੀ ਦੀ ਡਿਗਰੀ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਕਿਹਾ ਗਿਆ ਸੀ।
ਸ਼ਿਕਾਇਤਕਰਤਾ ਅਨੁਸਾਰ, ਦੋਵਾਂ ਆਗੂਆਂ ਨੇ ਪ੍ਰੈਸ ਕਾਨਫਰੰਸ ਅਤੇ ਟਵਿੱਟਰ ਹੈਂਡਲ ‘ਤੇ ਮੋਦੀ ਦੀ ਡਿਗਰੀ ਨੂੰ ਲੈ ਕੇ ਯੂਨੀਵਰਸਿਟੀ ਨੂੰ ਨਿਸ਼ਾਨਾ ਬਣਾਉਂਦੇ ਹੋਏ “ਅਪਮਾਨਜਨਕ” ਬਿਆਨ ਦਿੱਤੇ ਸੀ।