India News

ਨਕਲੀ ਬੀਜ ਅਤੇ ਦਵਾਈਆਂ ਵੇਚਣ ਵਾਲਿਆਂ ਖਿਲਾਫ ਪੰਜਾਬ ਸਰਕਾਰ ਸਖਤ, ਦਿੱਤੇ ਇਹ ਆਦੇਸ਼

ਨਕਲੀ ਬੀਜ ਅਤੇ ਦਵਾਈਆਂ ਕਰਕੇ ਕਈ ਵਾਰ ਕਿਸਾਨਾਂ ਦੀ ਫਸਲ ਖਰਾਬ ਹੋ ਚੁੱਕੀ ਹੈ। ਹੁਣ ਪੰਜਾਬ ਸਰਕਾਰ ਵੱਲੋਂ ਨਕਲੀ ਬੀਜ ਅਤੇ ਦਵਾਈਆਂ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ ਅਤੇ ਪੰਜਾਬ ਸਰਕਾਰ ਖੇਤੀਬਾੜੀ ਵਿਭਾਗ ਦੇ ਨਾਲ ਮਿਲ ਕੇ ਵੱਡੇ ਐਕਸ਼ਨ ਦੀ ਤਿਆਰੀ ਵਿਚ ਹੈ। ਮਿਲੀ ਜਾਣਕਾਰੀ ਅਨੁਸਾਰ ਖੇਤੀਬਾੜੀ ਵਿਭਾਗ ਹੁਣ ਨਕਲੀ ਬੀਜ ਅਤੇ ਦਵਾਈਆਂ ਵੇਚਣ ਵਾਲਿਆਂ ਤੇ ਪੂਰੀ ਨਿਗਾਹ ਰੱਖੇਗਾ, ਇੱਥੋਂ ਤੱਕ ਕਿ ਨਕਲੀ ਬੀਜ ਅਤੇ ਦਵਾਈਆਂ ਵੇਚਣ ਵਾਲਿਆਂ ਨੂੰ ਕਾਬੂ ਕਰਨ ਲਈ ਫਲਾਇੰਗ ਸਕੁਐਡ ਟੀਮ ਦਾ ਵੀ ਗਠਨ ਕਰ ਦਿੱਤਾ ਹੈ , ਇਸ ਦੇ ਨਾਲ ਪਿੰਡਾਂ ਵਿਚ ਰਾਤ ਵੇਲੇ ਪੈਟਰੋਲਿੰਗ ਵੀ ਕੀਤੀ ਜਾਵੇਗੀ ਤਾਂ ਜੋ ਨਕਲੀ ਬੀਜ ਅਤੇ ਦਵਾਈਆਂ ਵੇਚਣ ਵਾਲਿਆਂ ਨੂੰ ਨੱਥ ਪਾਈ ਜਾ ਸਕੇ। ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਇਸ ਫੈਸਲੇ ਦਾ ਕਿਸਾਨਾਂ ਵੱਲੋਂ ਵੀ ਸਵਾਗਤ ਕੀਤਾ ਜਾ ਰਿਹਾ ਹੈ।

ਖੇਤੀਬਾੜੀ ਵਿਭਾਗ ਬਠਿੰਡਾ ਦੇ ਮੁੱਖ ਅਫਸਰ ਦਿਲਬਾਗ ਸਿੰਘ ਹੀਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਖੇਤੀਬਾੜੀ ਵਿਭਾਗ ਵੱਲੋਂ ਪਿੰਡਾਂ ਦੇ ਪੰਚਾਂ-ਸਰਪੰਚਾਂ ਨਾਲ ਤਾਲਮੇਲ ਕਰਕੇ ਰਾਤ ਨੂੰ ਪੈਟ੍ਰੋਲਿੰਗ ਕੀਤੀ ਜਾਵੇਗੀ ਅਤੇ ਫਲਾਇੰਗ ਸਕੁਐਡ ਟੀਮਾਂ ਵੱਲੋਂ ਸੂਚਨਾ ਮਿਲਣ ਤੇ ਤੁਰੰਤ ਐਕਸ਼ਨ ਵੀ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਪੰਚਾਂ-ਸਰਪੰਚਾਂ ਨਾਲ ਪੂਰਾ ਤਾਲਮੇਲ ਕਰਕੇ ਨਕਲੀ ਬੀਜ ਅਤੇ ਦਵਾਈਆਂ ਵੇਚਣ ਵਾਲਿਆਂ ਨੂੰ ਨੱਥ ਪਾਈ ਜਾਏਗੀ, ਇਸ ਲਈ ਕਿਸਾਨਾਂ ਪਿੰਡ ਵਾਸੀਆਂ ਖਾਸ ਕਰਕੇ ਪਿੰਡ ਦੇ ਪੰਚ ਅਤੇ ਸਰਪੰਚ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਕਲੀ ਬੀਜ ਅਤੇ ਦਵਾਈਆਂ ਵੇਚਣ ਵਾਲਿਆਂ ਦੀਆਂ ਲਿਸਟਾਂ ਬਣਾ ਕੇ ਨਿਸ਼ਾਨਦੇਹੀ ਕਰਕੇ ਸਰਕਾਰ ਨੂੰ ਸੂਚਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਨਕਲੀ ਬੀਜ ਅਤੇ ਦਵਾਈਆਂ ਵੇਚਣ ਵਾਲੇ ਹੁਣ ਸਾਵਧਾਨ ਹੋ ਜਾਣ ਜੇਕਰ ਕਿਸੇ ਵੀ ਤਰਾਂ ਨਾਲ ਕਿਸਾਨਾਂ ਦੀ ਫਸਲ ਨਾਲ ਖਿਲਵਾੜ ਕੀਤਾ ਤਾਂ ਐਕਸ਼ਨ ਹੋਵੇਗਾ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

ਜ਼ਿਕਰਯੋਗ ਹੈ ਕਿ ਨਕਲੀ ਬੀਜ ਅਤੇ ਦਵਾਈਆਂ ਕਰਕੇ ਕਿਸਾਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਈ ਵਾਰ ਫਸਲ ਵੀ ਖਰਾਬ ਹੋ ਚੁੱਕੀ ਹੈ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਵੱਲੋਂ ਨਕਲੀ ਬੀਜ ਦਵਾਈਆਂ ਵੇਚਣ ਵਾਲਿਆਂ ਖਿਲਾਫ਼ ਸ਼ੁਰੂ ਕੀਤਾ ਇਹ ਐਕਸ਼ਨ ਕੀਤਾ ਤੱਕ ਕਾਮਯਾਬ ਹੁੰਦਾ ਹੈ।

Video