India News

ਆਮਦਨ ਤੋਂ ਵੱਧ ਜਾਇਦਾਦ ਮਾਮਲਾ : ਵਿਜੀਲੈਂਸ ਨੇ ਬਲਬੀਰ ਸਿੱਧੂ ਤੋਂ ਸਾਢੇ ਅੱਠ ਘੰਟੇ ਕੀਤੀ ਪੁੱਛਗਿੱਛ

ਆਮਦਨ ਦੇ ਸ੍ਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਵਿਚ ਘਿਰੇ ਸਾਬਕਾ ਕੈਬਨਿਟ ਮੰਤਰੀ ਤੇ ਭਾਜਪਾ ਲੀਡਰ ਬਲਬੀਰ ਸਿੰਘ ਸਿੱਧੂ ਸ਼ੁੱਕਰਵਾਰ ਨੂੰ ਮੁਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਅੱਗੇ ਪੇਸ਼ ਹੋਏ।

ਅਧਿਕਾਰੀਆਂ ਨੇ ਸਿੱਧੂ ਪਾਸੋਂ ਸਾਢੇ ਅੱਠ ਘੰਟੇ ਤਕ ਲੰਬੀ ਪੜਤਾਲ ਦੌਰਾਨ ਉਨ੍ਹਾਂ ਦੀਆਂ ਜਾਇਦਾਦਾਂ ਬਾਰੇ ਸਵਾਲ ਕੀਤੇ ਗਏ। ਪਤਾ ਚੱਲਿਆ ਹੈ ਕਿ ਵਿਜੀਲੈਂਸ ਨੇ ਸਿੱਧੂ ਤੋਂ 40 ਸਵਾਲ ਦੇ ਜਵਾਬ ਮੰਗੇ, ਜਿਨ੍ਹਾਂ ਵਿਚ ਉਨ੍ਹਾਂ ਦਾ ਪਿੰਡ ਸੁਹਾੜਾ ਸਥਿਤ ਮੈਰਿਜ ਪੈਲੇਸ, ਤਪਾ ਮੰਡੀ ਵਾਲੀ ਵਿਰਾਸਤੀ ਜ਼ਮੀਨ ਤੇ ਕੁਰਾਲੀ ਸਥਿਤ ਜ਼ਮੀਨਾਂ ਦੇ ਵੇਰਵੇ ਸ਼ਾਮਲ ਹਨ।

ਸਿੱਧੂ ਨੂੰ ਹੁਣ ਜੁਬਾਨੀ ਦਿੱਤੇ ਜਵਾਬਾਂ ਦੇ ਸਾਰੇ ਵੇਰਵੇ ਇਕ ਪ੍ਰੋਫ਼ਾਰਮੇ ’ਤੇ ਭਰਕੇ ਦੇਣ ਲਈ ਕਿਹਾ ਗਿਆ ਹੈ ਜਿਸ ਲਈ ਉਨ੍ਹਾਂ ਨੂੰ 5 ਮਈ 2023 ਨੂੰ ਦੁਬਾਰਾ ਤਲਬ ਕੀਤਾ ਗਿਆ ਹੈ।

ਸਿੱਧੂ ਮੁਹਾਲੀ ਵਿਜੀਲੈਂਸ ਦੇ ਦਫ਼ਤਰ ਵਿਖੇ ਦਿੱਤੇ ਸਮੇਂ ’ਤੇ ਪੁੱਜ ਗਏ ਤੇ ਉਨ੍ਹਾਂ ਨੂੰ ਪੂਰੀ ਦਿਹਾੜੀ ਵਿਜੀਲੈਂਸ ਦੇ ਦਫ਼ਤਰ ’ਚ ਸਵਾਲਾਂ ਦੇ ਜਵਾਬ ਦੇਣ ਲਈ ਗੁਜ਼ਾਰਨੀ ਪਈ। ਵਾਪਿਸੀ ’ਚ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਤੋਂ ਜ਼ਮੀਨਾਂ ਤੇ ਹੋਰ ਕਾਰੋਬਾਰਾਂ ਦੇ ਵੇਰਵੇ ਮੰਗੇ ਗਏ ਸਨ ਜਿਨ੍ਹਾਂ ਵਿਚ ਪੈਲੇਸ ਤੇ ਵਿਰਾਸਤੀ ਜ਼ਮੀਨਾਂ ਤੋਂ ਇਲਾਵਾ ਹੋਰ ਸੰਪੰਤੀ ਮੌਜੂਦ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਸੰਪਤੀਆਂ ਦੇ ਉਨ੍ਹਾਂ ਕੋਲ ਪੁਖ਼ਤਾ ਸਬੂਤ ਤੇ ਲਿਖਤੀ ਰਿਕਾਰਡ ਹਨ। ਸਿੱਧੂ ਦੇ ਦੱਸਣ ਅਨੁਸਾਰ ਉਨ੍ਹਾਂ ਨੂੰ ਵਿਜੀਲੈਂਸ ਨੇ 40-50 ਸਵਾਲ ਪੁੱਛੇ ਹਨ ਜਿਨ੍ਹਾਂ ਵਿਚੋਂ ਉਨ੍ਹਾਂ ਨੇ ਇਕੱਲੇ-ਇਕੱਲੇ ਸਵਾਲ ਦਾ ਜ਼ੁਬਾਨੀ ਜਵਾਬ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਆਪਣੇ ਸੀਏ ਅਤੇ ਵਕੀਲ ਨਾਲ ਸਲਾਹ ਕਰ ਕੇ ਵਿਜੀਲੈਂਸ ਵੱਲੋਂ ਦਿੱਤੇ ਪ੍ਰੋਫਾਰਮੇ ਨੂੰ ਭਰ ਕੇ ਲਿਖਤੀ ਰੂਪ ’ਚ ਆਪਣਾ ਜਵਾਬ ਪੇਸ਼ ਕਰਨਗੇ।

Video