ਪਾਕਿਸਤਾਨ ਦੇ ਇਲੈਕਟ੍ਰਾਨਿਕ ਮੀਡੀਆ ਵਾਚਡਾਗ ਨੇ ਸ਼ੁੱਕਰਵਾਰ ਨੂੰ ਦੇਸ਼ ਭਰ ਦੇ ਸਥਾਨਕ ਕੇਬਲ ਟੀਵੀ ਆਪ੍ਰੇਟਰਾਂ ਨੂੰ ਭਾਰਤੀ ਚੈਨਲਾਂ ਦਾ ਪ੍ਰਸਾਰਣ ਬੰਦ ਕਰਨ ਲਈ ਕਿਹਾ।
ਵਾਚਡਾਗ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਆਦੇਸ਼ ਦੀ ਉਲੰਘਣਾ ਕਰਦੇ ਮਿਲਣ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਾਕਿ ਬੀਤੇ ਦਿਨਾਂ ’ਚ ਕਈ ਵਾਰ ਭਾਰਤੀ ਫਿਲਮਾਂ ਤੇ ਟੀਵੀ ਚੈਨਲਾਂ ’ਤੇ ਪਾਬੰਦੀ ਲਗਾ ਚੁੱਕਾ ਹੈ।
ਪਾਕਿ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (ਪੀਈਐੱਮਆਰਏ) ਨੇ ਜ਼ਿਕਰ ਕੀਤਾ ਹੈ ਕਿ ਬੀਤੇ ਦਿਨੀਂ ਕਈ ਆਪ੍ਰੇਟਰ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ। ਸ਼ੁੱਕਰਵਾਰ ਨੂੰ ਅਥਾਰਟੀ ਨੇ ਆਪਣੇ ਖੇਤਰੀ ਦਫ਼ਤਰਾਂ ਨੂੰ ਭਾਰਤੀ ਚੈਨਲਾਂ ਦਾ ਪ੍ਰਸਾਰਣ ਕਰਨ ਵਾਲੇ ਕੇਬਲ ਆਪ੍ਰੇਟਰਾਂ ਖ਼ਿਲਾਫ਼ ਮੁਹਿੰਮ ਚਲਾਉਣ ਲਈ ਕਿਹਾ।
ਅਥਾਰਟੀ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਪੀਈਐੱਮਆਰਏ ਤੋਂ ਲਾਇਸੈਂਸ ਪ੍ਰਾਪਤ ਚੈਨਲਾਂ ਤੋਂ ਇਲਾਵਾ ਹੋਰ ਕਿਸੇ ਚੈਨਲ ਨੂੰ ਕੇਬਲ ਟੀਵੀ ਨੈੱਟਵਰਕ ’ਤੇ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਲੰਘਣ ’ਤੇ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਕਰਾਚੀ, ਹੈਦਰਾਬਾਦ, ਮੁਲਤਾਨ ਖੇਤਰ ’ਚ ਕਈ ਕੇਬਲ ਆਪ੍ਰੇਟਰਾਂ ਦੇ ਛਾਪੇਮਾਰੀ ਕੀਤੀ ਗਈ।