ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਧਰੁਵੀ ਉਪਗ੍ਰਹਿ ਲਾਂਚ ਯਾਨ (ਪੀਐੱਸਐੱਲਵੀ-ਸੀ55) ਨੇ ਸ਼ਨਿਚਰਵਾਰ ਨੂੰ ਸਿੰਗਾਪੁਰ ਦੇ ਦੋ ਉਹਗ੍ਰਹਿਆਂ ਟੈਲੀਯੋਸ-2 ਤੇ ਲੂਮਲਾਈਟ-4 ਨੂੰ ਸਫਲਤਾਪੂਰਵਕ ਆਰਬਿਟ ’ਚ ਸਥਾਪਿਤ ਕੀਤਾ।
ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਦੁਪਹਿਰ 2.9 ਵਜੇ ਪੀਐੱਸਐੱਲਵੀ-ਸੀ55 ਰਾਕਟ ਨੇ ਉਡਾਣ ਭਰੀ ਤੇ ਦੋਵੇਂ ਉਪਗ੍ਰਹਿਆਂ ਨੂੰ ਮਿੱਥੇ ਆਰਬਿਟ ’ਚ ਸਥਾਪਿਤ ਕਰ ਦਿੱਤਾ। ਇਸ ਲਾਂਚਿੰਗ ਦੇ ਨਾਲ ਹੀ ਇਸਰੋ ਦੇ ਵਿਗਿਆਨੀਆਂ ਨੇ ਪੀਐੱਸਐੱਲਵੀ ਰਾਕਟ ਦੇ ਚੌਥੇ ਪੜਾਅ ਦੀ ਵਰਤੋਂ ਕਰਦੇ ਹੋਏ ‘ਆਰਬਿਟ ’ਚ ਵਿਗਿਆਨੀ ਪ੍ਰੀਖਣ’ ਸ਼ੁਰੂ ਕੀਤਾ।
ਪੀਐੱਸਐੱਲਵੀ ਸੀ55 ਵੱਲੋਂ ਸਿੰਗਾਪੁਰ ਦੇ ਦੋ ਉਪਗ੍ਰਹਿਆਂ ‘ਟੈਲੀਓਏਸ-2’ ਤੇ ਲੂਮਲਾਈਟ-4 ਨੂੰ ਆਰਬਿਟ ’ਚ ਸਥਾਪਿਤ ਕੀਤੇ ਜਾਣ ਦੇ ਤੁਰੰਤ ਬਾਅਦ ਵਿਗਿਆਨੀਆਂ ਨੇ ਇਸ ਰਾਹੀਂ ਲਿਜਾਏ ਗਏ ਉਪਕਰਨਾਂ ਰਾਹੀਂ ਵਿਗਿਆਨੀ ਸੋਧ ਕਰਨ ਲਈ ‘ਪੀਐੱਸਐੱਲਵੀ ਆਰਬੀਟਲ ਐਕਸਪੈਰੀਮੈਂਟਲ ਮਾਡਿਊਲ-2’ (ਪੋਇਮ-2) ਦੀ ਵਰਤੋਂ ਪਲੇਟਫਾਰਮ ਦੇ ਰੂਪ ’ਚ ਕੀਤਾ।
ਸਬੰਧਤ ਯੰਤਰ ਇਸਰੋ, ਬੈਲਟਿ੍ਰਕਸ, ਧਰੁਵ ਸਪੇਸ ਤੇ ਇੰਡੀਅਨ ਇੰਸਟੀਚਿਊਟ ਆਫ ਐਸਟ੍ਰੋਫਿਜ਼ੀਕਸ ਦੇ ਹਨ। ‘ਪੋਇਮ-2’ ਦੇ ਯੰਤਰਾਂ ਨੂੰ ਵਿਗਿਆਨੀਆਂ ਵੱਲੋਂ ਸੰਚਾਲਿਤ ਕੀਤਾ ਜਾਵੇਗਾ। ਪਲੇਟਫਾਰਮ ਦੇ ਸੋਲਰ ਪੈਨਲ ਨੂੰ ਟੀਮ ਵੱਲੋਂ ਜ਼ਮੀਨ ’ਤੇ ਇਸ ਤਰ੍ਹਾਂ ਲਗਾਇਆ ਜਾਵੇਗਾ ਕਿ ਇਸ ਦਾ ਅਗਲਾ ਹਿੱਸਾ ਸੂਰਜ ਵੱਲ ਹੋਵੇ।
ਪੀਐੱਸਐੱਲਵੀ ਇੱਕ ਚਾਰ-ਪੜਾਅ ਵਾਲਾ ਰਾਕਟ ਹੈ ਜਿਥੇ ਪਹਿਲੇ ਤਿੰਨ ਵਾਪਸ ਸਮੁੰਦਰ ਵਿੱਚ ਡਿੱਗਦੇ ਹਨ, ਅਤੇ ਆਖਰੀ ਪੜਾਅ (ਪੀਐੱਸ4) ਆਰਬਿਟ ’ਚ ਲਾਂਚ ਕੀਤੇ ਜਾਣ ਤੋਂ ਬਾਅਦ ਸਪੇਸ ਜੰਕ ਦੇ ਰੂਪ ਵਿੱਚ ਖਤਮ ਹੁੰਦਾ ਹੈ। ਵਿਗਿਆਨੀਆਂ ਨੇ ਉਪਗ੍ਰਹਿਆਂ ਦੇ ਵੱਖ ਹੋਣ ਤੋਂ ਬਾਅਦ ਚੌਥੇ ਪੜਾਅ ਨੂੰ ਪ੍ਰਯੋਗਾਂ ਲਈ ਪਲੇਟਫਾਰਮ ਵਜੋਂ ਵਰਤਿਆ।
ਇਸਰੋ ਦੇ ਮੁਖੀ ਐੱਸ ਸੋਮਨਾਥ ਨੇ ਕਿਹਾ ਕਿ ਸੱਤ ਯੰਤਰਾਂ ਦੇ ਨਾਲ ‘ਪੋਇਮ’ ਕੁਝ ਹੋਰ ‘ਪੋਇਮਸ’ (ਕਵਿਤਾਵਾਂ) ਲਿਖਣ ਜਾ ਰਿਹਾ ਹੈ। ਪੀਐੱਸਐੱਲਵੀ ਨੇ ਆਪਣੇ 57ਵੇਂ ਮਿਸ਼ਨ ਵਿੱਚ ਇੱਕ ਵਾਰ ਫਿਰ ਅਜਿਹੇ ਵਪਾਰਕ ਮਿਸ਼ਨਾਂ ਲਈ ਆਪਣੀ ਉੱਚ ਭਰੋਸੇਯੋਗਤਾ ਅਤੇ ਅਨੁਕੂਲਤਾ ਦਾ ਪ੍ਰਦਰਸ਼ਨ ਕੀਤਾ ਹੈ। ਇਸ ਮਿਸ਼ਨ ਵਿੱਚ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ। ਅਸੀਂ ਰਾਕਟ ਦੀ ਲਾਗਤ ਘਟਾਉਣ ਲਈ ਸੁਧਾਰ ਕੀਤੇ ਹਨ। ਸੋਮਨਾਥ ਨੇ ਕਿਹਾ ਕਿ ਗਗਨਯਾਨ ਮਿਸ਼ਨ ਤਹਿਤ ਫਰਵਰੀ 2024 ਵਿੱਚ ਪਹਿਲਾ ਮਾਨਵ ਰਹਿਤ ਜੀਐੱਸਐੱਲਵੀ ਰਾਕਟ ਭੇਜਣ ਦੀ ਯੋਜਨਾ ਹੈ। ਮਿਸ਼ਨ ਦੇ ਨਿਰਦੇਸ਼ਕ ਐੱਸਆਰ ਬੀਜੂ ਨੇ ਕਿਹਾ ਕਿ ਪੂਰੀ ਤਰ੍ਹਾਂ ਸਮਰਪਿਤ ਵਪਾਰਕ ਮਿਸ਼ਨ ਨੂੰ ‘ਅਤਿ ਸਟੀਕਤਾ’ ਨਾਲ ਪੂਰਾ ਕੀਤਾ ਗਿਆ।
ਆਈਏਐੱਨਐੱਸ ਦੇ ਅਨੁਸਾਰ, 1999 ਤੋਂ ਇਸਰੋ ਨੇ ਆਪਣੇ ਰਾਕਟ ਪੀਐੱਸਐੱਲਵੀ-ਰਾਕਟ ਨਾਲ 36 ਦੇਸ਼ਾਂ ਨਾਲ ਸਬੰਧਤ 424 ਵਿਦੇਸ਼ੀ ਉਪਗ੍ਰਹਿ ਲਾਂਚ ਕੀਤੇ ਹਨ।
ਇਹ ਉਪਗ੍ਰਹਿ ਕੀਤੇ ਗਏ ਲਾਂਚ
ਟੈਲੀਯੋਸ-2
ਇਹ ਇੱਕ ਸਿੰਥੈਟਿਕ ਅਪਰਚਰ ਰਾਡਾਰ ਸੈਟੇਲਾਈਟ ਹੈ। ਇਸਦੀ ਵਰਤੋਂ ਹਰ ਮੌਸਮ ’ਚ ਦਿਨ ਅਤੇ ਰਾਤ ਦੀ ਕਵਰੇਜ ਪ੍ਰਦਾਨ ਕਰਨ ਲਈ ਕੀਤੀ ਜਾਵੇਗੀ। ਇਸ ਨੂੰ ਸਿੰਗਾਪੁਰ ਸਰਕਾਰ ਦੀ ਨੁਮਾਇੰਦਗੀ ਕਰਨ ਵਾਲੀ ਰੱਖਿਆ ਵਿਗਿਆਨ ਅਤੇ ਤਕਨਾਲੋਜੀ ਏਜੰਸੀ (ਡੀਐੱਸਟੀਏ) ਤੇ ਐੱਸਟੀ ਇੰਜੀਨੀਅਰਿੰਗ ਵਿਚਕਾਰ ਸਾਂਝੇਦਾਰੀ ਦੇ ਤਹਿਤ ਵਿਕਸਿਤ ਕੀਤਾ ਗਿਆ ਹੈ। ਇਸਦੀ ਵਰਤੋਂ ਸਿੰਗਾਪੁਰ ਸਰਕਾਰ ਦੀਆਂ ਵੱਖ-ਵੱਖ ਏਜੰਸੀਆਂ ਦੀਆਂ ਸੈਟੇਲਾਈਟ ਤਸਵੀਰ ਸਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਕੀਤੀ ਜਾਵੇਗੀ। ਇਸ ਦਾ ਭਾਰ 741 ਕਿਲੋਗ੍ਰਾਮ ਹੈ।
ਲੂਮਲਾਈਟ-4
ਲੂਮਲਾਈਟ-4 ਨੂੰ ਸਿੰਗਾਪੁਰ ਦੀ ਨੈਸ਼ਨਲ ਯੂਨੀਵਰਸਿਟੀ ਦੇ ਇਨਫੋਕਾਮ ਰਿਸਰਚ ਅਤੇ ਸੈਟੇਲਾਈਟ ਟੈਕਨਾਲੋਜੀ ਅਤੇ ਖੋਜ ਕੇਂਦਰ ਦੁਆਰਾ ਵਿਕਸਤ ਕੀਤਾ ਗਿਆ ਹੈ। ਇਸ ਦਾ ਮਕਸਦ ਸਿੰਗਾਪੁਰ ਦੀ ‘ਈ-ਨੈਵੀਗੇਸ਼ਨ’ ਸਮੁੰਦਰੀ ਸੁਰੱਖਿਆ ਨੂੰ ਵਧਾਉਣਾ ਹੈ। ਇਸ ਦਾ ਭਾਰ 16 ਕਿਲੋ ਹੈ।
ਇਸਰੋ ਨੇ ਜੀਸੈਟ-12 ਉਪਗ੍ਰਹਿ ਨੂੰ ਕੀਤਾ ਬੰਦ
ਆਈਏਐੱਨਐੱਸ ਦੇ ਅਨੁਸਾਰ, ਇਸਰੋ ਨੇ ਪਿਛਲੇ ਮਹੀਨੇ ਸੰਚਾਰ ਉਪਗ੍ਰਹਿ ਜੀਸੈਟ-12 ਨੂੰ ਬੰਦ ਕਰ ਦਿੱਤਾ ਸੀ। ਇਹ 5 ਜੁਲਾਈ 2011 ਨੂੰ ਲਾਂਚ ਕੀਤਾ ਗਿਆ ਸੀ। ਇਸ ਉਪਗ੍ਰਹਿ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਸੇਵਾਵਾਂ ਦਿੱਤੀਆਂ।