ਪੰਜਾਬ ਤੋਂ ਵੱਡੀ ਗਿਣਤੀ ‘ਚ ਬਾਹਰਲੇ ਮੁਲਕਾਂ ‘ਚ ਗਏ ਪੰਜਾਬੀਆਂ ਨੇ ਅਨੇਕਾਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਪੰਜਾਬੀਆਂ ਨੇ ਜਿੱਥੇ ਵਿਦੇਸ਼ ‘ਚ ਆਪਣੇ ਵੱਡੇ-ਵੱਡੇ ਰੁਜ਼ਗਾਰ ਸਥਾਪਤ ਕਰ ਕੇ ਵੱਡੇ ਮੁਕਾਮ ਹਾਸਲ ਕੀਤੇ ਅਤੇ ਰਾਜਨੀਤੀ ‘ਚ ਵੀ ਆਪਣਾ ਲੋਹਾ ਮਨਵਾਇਆ ਹੈ।
ਉਥੇ ਹੀ ਵਿਦੇਸ਼ਾਂ ‘ਚ ਵੀ ਵੱਡੇ-ਵੱਡੇ ਪ੍ਰਸ਼ਾਸਨਿਕ ਅਹੁਦਿਆਂ ਦੀ ਵੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਇਸ ਦੀ ਤਾਜ਼ਾ ਉਦਹਾਰਣ ਪਿੰਡ ਲੱਖਣ ਕਲਾਂ ਦੀ ਧੀ ਨੇ ਪੁਲਿਸ ਵਿਭਾਗ ‘ਚ ਅਫ਼ਸਰ ਵਜੋਂ ਸ਼ਾਮਲ ਹੋ ਕੇ ਦਿੱਤੀ ਹੈ।
ਕਪੂਰਥਲਾ ਦੀ ਰਹਿਣ ਵਾਲੀ ਹਰਕਮਲ ਕੌਰ ਇੰਗਲੈਂਡ ਦੀ ਪੁਲਿਸ ਵਿੱਚ ਭਰਤੀ ਹੋਈ ਹੈ। ਹਰਕਮਲ ਕੌਰ ਕਮਿਊਨਿਟੀ ਸਪੋਰਟ ਅਫ਼ਸਰ ਬਣੀ ਹੈ।
ਮਿਲੀ ਜਾਣਕਾਰੀ ਮੁਤਾਬਕ ਕਪੂਰਥਲਾ ਦੇ ਪਿੰਡ ਲੱਖਣ ਕਲਾਂ ਦੇ ਝੰਡੇਰ ਪਰਿਵਾਰ ‘ਚੋਂ ਸ਼ਿੰਗਾਰਾ ਸਿੰਘ ਦੇ ਪੁੱਤਰ ਮੁਖਤਿਆਰ ਸਿੰਘ ਦੀ ਬੇਟੀ ਹਰਕਮਲ ਕੌਰ ਨੇ ਇੰਗਲੈਂਡ ਦੀ ਧਰਤੀ ‘ਤੇ ਉੱਚ ਵਿਦਿਆ ਹਾਸਲ ਕਰਕੇ ਯੂ.ਕੇ. ਦੀ ਇਮਾਨਦਾਰ ਪੁਲਿਸ ਵਿੱਚ ਇੱਕ ਪੁਲਿਸ ਅਫ਼ਸਰ ਹੋਣ ਦੀ ਜ਼ਿੰਮੇਵਾਰੀ ਸੰਭਾਲ ਕੇ ਜਿੱਥੇ ਆਪਣੇ ਸੂਬੇ, ਜ਼ਿਲ੍ਹੇ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ, ਉਥੇ ਹੀ ਆਪਣੀ ਝੰਡੇਰ ਪਰਿਵਾਰ ਦਾ ਨਾਮ ਵੀ ਉੱਚਾ ਕੀਤਾ ਹੈ।
ਲੋੜ ਹੈ ਹਰਕਮਲ ਤੋਂ ਪੰਜਾਬ ਅਤੇ ਹੋਰ ਸੂਬਿਆਂ ਦੀਆਂ ਧੀਆਂ ਨੂੰ ਪ੍ਰੇਰਣਾ ਲੈਣ ਦੀ ਤਾਂ ਜੋ ਉਹ ਵੀ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰ ਸਕਣ ।