Global News India News

CM ਮਾਨ ਤੇ SGPC ਵਿਚਾਲੇ ਖੜਕੀ ! ਮਾਨ ਨੇ ਦੱਸਿਆ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ, ਧਾਮੀ ਨੇ ਕਿਹਾ, ਤੁਹਾਨੂੰ ਬੋਲਣ ਦਾ ਹੱਕ ਨਹੀਂ

ਪੰਜਾਬ ਦੇ ਮੁੱਖ ਮੰਤਰੀ Bhagwant Mann ਨੇ ਐਤਵਾਰ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟ ਮੰਗਣ ‘ਤੇ ਅਕਾਲੀ ਦਲ ਦਾ ਨਾਂ ਲਏ ਬਿਨਾਂ ਸਵਾਲ ਕੀਤਾ ਕਿ ਜਿਸ ਰਾਜਨੀਤਿਕ ਪਾਰਟੀ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ ਲਗਦੇ ਹਨ ਉਸ ਦੇ ਹੱਕ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਵੋਟਾਂ ਮੰਗਣਾ ਕਿੰਨਾ ਕੁ ਜਾਇਜ਼ ਹੈ। ਕੀ ਇਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਨਹੀਂ ਹੈ? 

ਇਸ ਮਾਮਲੇ ਦੇ ਗਰਮਾਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ, “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਤੇ ਗੱਲ ਕਰਨ ਦਾ ਹੱਕ ਸ੍ਰੀ ਭਗਵੰਤ ਸਿੰਘ ਮਾਨ ਜੀ ਤੁਹਾਨੂੰ ਨਹੀਂ ਹੈ। ਮੁੱਖ ਮੰਤਰੀ ਜੀ ਹਾਲ ਹੀ ਵਿਚ ਵਾਪਰੀ ਮੋਰਿੰਡੇ ਦੀ ਬੇਅਦਬੀ ਘਟਨਾ ਦੇ ਦੋਸ਼ ਤੋਂ ਤੁਸੀਂ ਆਪਣੇ ਆਪ ਨੂੰ ਮੁਕਤ ਕਿਵੇਂ ਕਰ ਸਕਦੇ ਹੋ? ਹੋਰ ਵੀ ਕਈ ਬੇਅਦਬੀ ਘਟਨਾਵਾਂ ਤੁਹਾਡੀ ਸਰਕਾਰ ਦੇ ਹੁੰਦਿਆਂ ਹੋਈਆਂ। ਹਾਂ, ਇਹ ਘਟਨਾਵਾਂ ਹਰ ਸਿੱਖ ਨੂੰ ਦੁੱਖ ਦੇਂਦੀਆਂ ਹਨ, ਇਹ ਨਹੀਂ ਵਾਪਰਨੀਆਂ ਚਾਹੀਦੀਆਂ। ਪਰ ਇਸ ‘ਤੇ ਰਾਜਨੀਤੀ ਕਰਨੀ ਵੀ ਗੁਨਾਹ ਹੀ ਹੈ। ਰਹੀ ਗੱਲ ਚੋਣ ਪ੍ਰਚਾਰ ਦੀ ਆਪਣੀ ਪਾਰਟੀ ਲਈ ਪ੍ਰਚਾਰ ਕਰਨਾ ਸਭ ਦਾ ਸੰਵਿਧਾਨਕ ਹੱਕ ਹੈ, ਜਿਸ ਦੀ ਵਰਤੋਂ ਦਿੱਲੀ ਦਾ ਮੁੱਖ ਮੰਤਰੀ ਵੀ ਇੱਥੇ ਆ ਕੇ ਕਰ ਰਿਹਾ ਹੈ। ਸ੍ਰੀ ਭਗਵੰਤ ਸਿੰਘ ਮਾਨ ਤੁਹਾਨੂੰ ਪੰਜਾਬ ਦੇ ਸਰੋਕਾਰਾਂ, ਹੱਕਾਂ, ਹਿੱਤਾਂ ਵੱਲ ਸੋਚਣਾ ਚਾਹੀਦਾ ਹੈ, ਜਿਸ ਤੋਂ ਕਿ ਤੁਸੀਂ ਮੂੰਹ ਮੋੜੀ ਬੈਠੇ ਹੋ।”


ਦੂਜੇ ਪਾਸੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕਿਸੇ ਧਾਰਮਿਕ ਆਗੂ ਵੱਲੋਂ ਕਿਸੇ ਸਿਆਸੀ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰਨਾ ਠੀਕ ਨਹੀਂ ਹੈ। ਇਸ ਮਾਮਲੇ ‘ਤੇ ਖੁੱਲ੍ਹੀ ਬਹਿਸ ਹੋਣੀ ਚਾਹੀਦੀ ਹੈ।

Video