ਇੰਗਲੈਡ ਦੇ ਕਿੰਗ ਚਾਰਲਸ ਦੀ ਤਾਜਪੋਸ਼ੀ ਤੋਂ ਬਾਅਦ ਹੁਣ ਕੈਨੇਡਾ ਦੇ 20 ਡਾਲਰ ਦੇ ਨੋਟ ਅਤੇ ਸਿੱਕਿਆਂ ‘ਤੇ ਵੀ ਚਾਰਲਜ਼ ਦੀ ਤਸਵੀਰ ਨਜ਼ਰ ਆਵੇਗੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫ਼ਤਰ ਦੀ ਇੱਕ ਨਿਊਜ਼ ਰਿਲੀਜ਼ ਅਨੁਸਾਰ, ਫ਼ੈਡਰਲ ਸਰਕਾਰ ਨੇ ਬੈਂਕ ਆਫ਼ ਕੈਨੇਡਾ ਨੂੰ ਅਗਲੇ ਡਿਜ਼ਾਈਨ ਦੀ ਪ੍ਰਕਿਰਿਆ ਵਿਚ ਮਹਾਰਾਣੀ ਐਲਿਜ਼ਾਬੈਥ ਦੀ ਤਸਵੀਰ ਦੀ ਜਗ੍ਹਾ ਕਿੰਗ ਚਾਰਲਸ ਦੀ ਤਸਵੀਰ ਸ਼ਾਮਲ ਕਰਨ ਲਈ ਆਖਿਆ ਹੈ।
ਇਸੇ ਤਰ੍ਹਾਂ ਰਾਇਲ ਕੈਨੇਡੀਅਨ ਮਿੰਟ ਨੂੰ ਕਿੰਗ ਚਾਰਲਸ ਦੀ ਤਸਵੀਰ ਦਰਸਾਉਂਦੇ ਸਿੱਕੇ ਡਿਜ਼ਾਈਨ ਕਰਨ ਦਾ ਕੰਮ ਸੌਂਪਿਆ ਗਿਆ ਹੈ।
ਇਸਤੋ ਇਲਾਵਾ, ਕੈਨੇਡਾ ਪੋਸਟ ਨੇ ਕਿੰਗ ਚਾਰਲਜ਼ ਦੀ ਤਸਵੀਰ ਵਾਲੀ ਆਪਣੀ ਸਟੈਂਪ ਜਾਰੀ ਕਰ ਦਿੱਤੀ ਹੈ। ਯਾਦ ਰਹੇ ਕਿ ਕੈਨੇਡੀਅਨ ਰਾਜਪ੍ਰਮੁੱਖ ਦੀ ਤਸਵੀਰ ਦੀ ਨਿਸ਼ਚਿਤ ਸਟੈਂਪ ਜਾਰੀ ਕਰਨਾ ਕੈਨੇਡਾ ਪੋਸਟ ਦੀ 170 ਸਾਲ ਪੁਰਾਣੀ ਪਰੰਪਰਾ ਹੈ।
ਬੈਂਕ ਆਫ਼ ਕੈਨੇਡਾ ਵੱਲੋਂ ਨੋਟ ਛਾਪਣ ਦਾ ਕੰਮ 1935 ਅਤੇ ਰਾਇਲ ਮਿੰਟ ਵੱਲੋਂ ਸਿੱਕੇ ਤਿਆਰ ਕਰਨ ਦਾ ਕੰਮ 1908 ਵਿਚ ਸ਼ੁਰੂ ਕੀਤਾ ਗਿਆ ਸੀ ਅਤੇ ਉਦੋਂ ਤੋਂ ਹੀ ਕੈਨੇਡਾ ਦੇ ਮੌਜੂਦਾ ਰਾਜੇ ਦੀ ਤਸਵੀਰ ਕਰੰਸੀ ਉੱਪਰ ਛਪਦੀ ਰਹੀ ਹੈ।