ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਦੇਸ਼ ‘ਚ ਹੰਗਾਮਾ ਮਚ ਗਿਆ ਹੈ। ਪੀਟੀਆਈ ਵਰਕਰ ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਕਈ ਥਾਵਾਂ ‘ਤੇ ਸਥਿਤੀ ਬੇਕਾਬੂ ਹੋ ਗਈ ਹੈ। ਅਜਿਹੇ ‘ਚ ਪ੍ਰਦਰਸ਼ਨਕਾਰੀਆਂ ‘ਤੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਗਏ ਹਨ।
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਜਿਸ ਤਰੀਕੇ ਕਾਲਰ ਤੋਂ ਫੜ ਕੇ ਅਦਾਲਤ ’ਚ ਲਿਆਂਦਾ ਜਾ ਰਿਹਾ ਸੀ, ਉਸ ਨੂੰ ‘ਬਦਤਮੀਜ਼ੀ ਦੀ ਹੱਦ’ ਕਿਹਾ ਜਾ ਸਕਦਾ ਹੈ। ਇਕ ਜਮਹੂਰੀ ਦੇਸ਼ ’ਚ ਕਿਸੇ ਸਾਬਕਾ ਪ੍ਰਧਾਨ ਮੰਤਰੀ ਨਾਲ ਅਜਿਹਾ ਵਿਵਹਾਰ ਸ਼ੋਭਦਾ ਨਹੀਂ ਕਿਉਂਕਿ ਇਹ ਜਮਹੂਰੀ ਕਦਰਾਂ-ਕੀਮਤਾਂ ਦੇ ਉਲਟ ਹੈ।
ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਨੇ ਇਕ ਵਾਰ ਕਿਹਾ ਸੀ ‘ਮੈਂ ਓਨੀ ਵਾਰ ਧੋਤੀਆਂ ਨਹੀਂ ਬਦਲਦਾ, ਜਿੰਨੀ ਵਾਰ ਪਾਕਿਸਤਾਨ ’ਚ ਸਰਕਾਰ ਬਦਲ ਜਾਂਦੀ ਹੈ।’ ਇੰਜ ਹੀ ਅਜਿਹੀ ਇਕ ਕਹਾਵਤ ਚੜ੍ਹਦੇ ਤੇ ਲਹਿੰਦੇ ਪੰਜਾਬਾਂ ’ਚ ਪ੍ਰਚਲਿਤ ਹੈ-‘ਪਾਕਿਸਤਾਨ ’ਚ ਮੌਜਾਂ ਹੀ ਮੌਜਾਂ, ਜਿੱਥੇ ਵੇਖੋ ਹਰ ਪਾਸੇ ਫ਼ੌਜਾਂ ਹੀ ਫ਼ੌਜਾਂ’। ਅਜਿਹੇ ਹਾਲਾਤ ਕਾਰਨ ਉੱਥੋਂ ਦੀ ਜਨਤਾ ਦੀ ਮਾਨਸਿਕਤਾ ਵੀ ਕੁਝ ਅਜੀਬ ਜਿਹੀ ਹੋ ਗਈ ਹੈ ਜਿਸ ਦਾ ਮੁਜ਼ਾਹਰਾ ਬਿਲਾਵਲ ਭੁੱਟੋ ਦੀ ਭਾਰਤ ਫੇਰੀ ’ਤੇ ਕੀਤੀਆਂ ਟਿੱਪਣੀਆਂ ਰਾਹੀਂ ਕੀਤਾ ਗਿਆ ਹੈ।
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤਾਂ ਉੱਥੇ ਸਮਝੌਤਾ ਐਕਸਪ੍ਰੈੱਸ ਬੱਸ ਦਾ ਬਹੁਤ ਸੁਖਾਵਾਂ ਸੁਨੇਹਾ ਲੈ ਕੇ ਗਏ ਸਨ ਪਰ ਉਦੋਂ ਦੇ ਫ਼ੌਜੀ ਜਰਨੈਲ ਪਰਵੇਜ਼ ਮੁਸ਼ੱਰਫ਼ ਨੇ 1999 ’ਚ ਭਾਰਤ ਦੀ ਪਿੱਠ ’ਚ ਛੁਰਾ ਖੋਭਦਿਆਂ ਕਾਰਗਿਲ ’ਚ ਸਥਿਤ ਕਈ ਭਾਰਤੀ ਚੋਟੀਆਂ ’ਤੇ ਨਾਜਾਇਜ਼ ਕਬਜ਼ਾ ਕਰ ਲਿਆ ਸੀ, ਭਾਵੇਂ ਉਸ ਨੂੰ ਬਾਅਦ ਵਿਚ ਮੂੰਹ ਦੀ ਖਾਣੀ ਪਈ ਸੀ। ਉਸ ਵਰ੍ਹੇ ਤਾਨਾਸ਼ਾਹੀ ਦਾ ਹੋਰ ਰੰਗ ਵਿਖਾਉਂਦਿਆਂ ਮੁਸ਼ੱਰਫ਼ ਨੇ ਨਵਾਜ਼ ਸ਼ਰੀਫ਼ ਦੀ ਸਰਕਾਰ ਨੂੰ ਲਾਂਭੇ ਕਰ ਕੇ ਸੱਤਾ ਆਪਣੇ ਹੱਥਾਂ ’ਚ ਲੈ ਲਈ ਸੀ।
ਦੋ ਵਾਰ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਰਹੀ ਬੇਨਜ਼ੀਰ ਭੁੱਟੋ ਨੂੰ ਇਕ ਬੰਬ ਧਮਾਕੇ ਜ਼ਰੀਏ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੇ ਪਿਤਾ ਤੇ ਪਾਕਿਸਤਾਨ ਦੇ ਚੌਥੇ ਰਾਸ਼ਟਰਪਤੀ ਜ਼ੁਲਫ਼ਿਕਾਰ ਅਲੀ ਭੁੱਟੋ ਨੂੰ 4 ਅਪ੍ਰੈਲ 1979 ਨੂੰ ਉਦੋਂ ਦੇ ਰਾਸ਼ਟਰਪਤੀ ਜ਼ਿਆ-ਉਲ-ਹੱਕ ਨੇ ਫਾਂਸੀ ਦੇ ਦਿੱਤੀ ਸੀ। ਜ਼ਿਆ ਖ਼ੁਦ ਵੀ ਬਹੁਤ ਸ਼ੱਕੀ ਹਾਲਾਤ ’ਚ ਇਕ ਹਵਾਈ ਹਾਦਸੇ ’ਚ ਮਾਰੇ ਗਏ ਸਨ। ਸਾਲ 1951 ’ਚ ਪਹਿਲੇ ਪ੍ਰਧਾਨ ਮੰਤਰੀ ਲਿਆਕਤ ਅਲੀ ਖ਼ਾਨ ਦਾ ਰਾਵਲਪਿੰਡੀ ’ਚ ਇਕ ਸਿਆਸੀ ਰੈਲੀ ਦੌਰਾਨ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਮਰਾਨ ਨਾਲ ਕੀਤੇ ਗਏ ਵਤੀਰੇ ਤੋਂ ਜ਼ਾਹਰ ਹੈ ਕਿ ਪਾਕਿ ’ਚ ਹਾਲੇ ਤਕ ਜਮਹੂਰੀ ਕਦਰਾਂ-ਕੀਮਤਾਂ ਬਹਾਲ ਨਹੀਂ ਹੋਈਆਂ।