India News

ਉੜੀ ’ਚ ਫ਼ੌਜ ਨੇ ਅੱਤਵਾਦੀਆਂ ਦੀ ਘੁਸਪੈਠ ਕੀਤੀ ਨਾਕਾਮ, ਦੋ ਅੱਤਵਾਦੀ ਢੇਰ

ਜੀ-20 ਦੇਸ਼ਾਂ ਦੇ ਸੰਮੇਲਨ ਤੋਂ ਪਹਿਲਾਂ ਕਸ਼ਮੀਰ ’ਚ ਅੱਤਵਾਦੀ ਹਮਲੇ ਦੀ ਪਾਕਿਸਤਾਨ ਦੀ ਵੱਡੀ ਸਾਜ਼ਿਸ਼ ਫੌਜ ਦੇ ਚੌਕਸ ਜਵਾਨਾਂ ਨੇ ਨਾਕਾਮ ਕਰ ਦਿੱਤੀ। ਉੱਤਰੀ ਕਸ਼ਮੀਰ ਦੇ ਉੜੀ (ਬਾਰਾਮੁਲਾ) ਸੈਕਟਰ ’ਚ ਸਰਹੱਦ ਪਾਰ ਤੋਂ ਅੱਤਵਾਦੀਆਂ ਦੇ ਦਲ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ।

ਫ਼ੌਜ ਨੇ ਤੁਰੰਤ ਕਰਾਵਾਈ ਕਰ ਕੇ ਦੋ ਘੁਸਪੈਠੀਆਂ ਨੂੰ ਮਾਰ ਦਿੱਤਾ ਪਰ ਉਨ੍ਹਾਂ ਦੀਆਂ ਲਾਸ਼ਾਂ ਕੰਟਰੋਲ ਰੇਖਾ ’ਤੇ ਪਾਕਿਸਤਾਨੀ ਫ਼ੌਜ ਦੀ ਸਿੱਧੀ ਫਾਇਰਿੰਗ ਰੇਂਜ ’ਚ ਹੋਣ ਕਾਰਨ ਕਬਜ਼ੇ ’ਚ ਨਹੀਂ ਲਈਆਂ ਜਾ ਸਕੀਆਂ। ਹੋਰ ਘੁਸਪੈਠੀਏ ਵਾਪਸ ਭੱਜ ਗਏ। ਮੁਕਾਬਲੇ ਦੌਰਾਨ ਫੌਜ ਦਾ ਜੇਸੀਓ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਹੈ। ਹਾਲਾਂਕਿ ਫ਼ੌਜ ਨੇ ਘੁਸਪੈਠੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਨਹੀਂ ਕੀਤੀ।

ਉੱਥੇ ਪਾਕਿਸਤਾਨੀ ਫ਼ੌਜ ਅੱਤਵਾਦੀਆਂ ਦੀ ਮਦਦ ਨੂੰ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਮੁਕਾਬਲੇ ਦੌਰਾਨ ਘੁਸਪੈਠੀਆਂ ਤੱਕ ਮਦਦ ਪਹੁੰਚਾਉਣ ਤੇ ਮੁਕਾਬਲੇ ਵਾਲੀ ਥਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਪਾਕਿਸਤਾਨੀ ਫ਼ੌਜ ਨੇ ਪਹਿਲੀ ਵਾਰੀ ਕਵਾਡਕਾਪਟਰ (ਡ੍ਰੋਨ) ਵੀ ਉਡਾਇਆ ਪਰ ਜਵਾਨਾਂ ਦੀ ਜਵਾਬੀ ਕਾਰਵਾਈ ’ਤੇ ਡ੍ਰੋਨ ਵਾਪਸ ਪਰਤ ਗਿਆ।

ਜੰਮੂ ਕਸ਼ਮੀਰ ’ਚ ਅੱਤਵਾਦੀਆਂ ਲਈ ਹਥਿਆਰ ਤੇ ਹੋਰ ਸਾਜੋ ਸਾਮਾਨ ਪਹੁੰਚਾਉਣ ਲਈ ਪਾਕਿਸਤਾਨੀ ਖੁਫੀਆ ਏਜੰਸੀ ਆਈਐੱਸਆਈ ਤੇ ਸਰਹੱਦ ਪਾਰ ਬੈਠੇ ਅੱਤਵਾਦੀ ਸਰਗਨਾ ਡ੍ਰੋਨ ਦਾ ਲੰਬੇ ਸਮੇਂ ਤੋਂ ਇਸਤੇਮਾਲ ਕਰ ਰਹੇ ਹਨ ਪਰ ਅੰਤਰਰਾਸ਼ਟਰੀ ਸਰਹੱਦ ’ਤੇ ਕੰਟਰੋਲ ਰੇਖਾ ’ਤੇ ਅੱਤਵਾਦੀਆਂ ਦੀ ਘੁਸਪੈਠ ਨੂੰ ਸੁਰੱਖਿਅਤ ਬਣਾਉਣ ਤੇ ਉਨ੍ਹਾਂ ਦੀ ਮਦਦ ਲਈ ਪਾਕਿਸਤਾਨੀ ਫ਼ੌਜ ਵੱਲੋਂ ਡ੍ਰੋਨ ਦੀ ਵਰਤੋਂ ਕੀਤੇ ਜਾਣ ਦੀ ਇਹ ਪਹਿਲੀ ਘਟਨਾ ਹੈ।

ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਦੁਪਹਿਰ ਨੂੰ ਐੱਲਓਸੀ ’ਤੇ ਉਸ ਥਾਂ ਦਾ ਜਾਇਜ਼ਾ ਲਿਆ ਜਿੱਥੇ ਘੁਸਪੈਠ ਦੀ ਕੋਸ਼ਿਸ਼ ਹੋਈ ਹੈ। ਜਵਾਨਾਂ ਨੇ ਇਹਤਿਆਤ ਦੇ ਤੌਰ ’ਤੇ ਪੂਰੇ ਇਲਾਕੇ ਦੀ ਘੇਰਾਬੰਦੀ ਜਾਰੀ ਰੱਖੀ ਹੋਈ ਹੈ।

Video