ਗੁਰਦੁਆਰਾ ਦੂਖ ਨਿਵਾਰਨ ਸਾਹਿਬ ਅੰਦਰ ਸਰੋਵਰ ਕੋਲ ਸ਼ਰਾਬ ਪੀ ਰਹੀ ਇਕ ਔਰਤ ਦੀ ਇਕ ਵਿਅਕਤੀ ਵੱਲੋਂ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਦ ਕਿ ਇਸ ਘਟਨਾ ’ਚ ਇਕ ਸੇਵਾਦਾਰ ਗੋਲ਼ੀ ਦੇ ਛਰੇ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਹੈ।
ਜ਼ਖ਼ਮੀ ਦੀ ਪਛਾਣ ਸੇਵਾਦਾਰ ਸਾਗਰ ਮਲਹੋਤਰਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਦੇਰ ਸ਼ਾਮ ਗੁਰਦੁਆਰਾ ਸਾਹਿਬ ’ਚ ਸਰੋਵਰ ਕੋਲ ਇਕ ਔਰਤ ਸ਼ਰਾਬ ਪੀ ਰਹੀ ਸੀ। ਉਸ ਨੂੰ ਸੇਵਾਦਾਰ ਨੇ ਰੋਕਿਆ ਤਾਂ ਔਰਤ ਨੇ ਬੋਤਲ ਤੋੜ ਕੇ ਆਪਣੀ ਬਾਂਹ ’ਤੇ ਮਾਰ ਲਈ। ਇਸੇ ਦੌਰਾਨ ਕੋਲੋਂ ਲੰਘ ਰਹੇ ਇਕ ਵਿਅਕਤੀ ਨੇ ਆਪਣੀ ਪਿਸਟਲ ਕੱਢ ਕੇ ਗੋਲ਼ੀ ਚਲਾ ਦਿੱਤੀ। ਇਕ ਗੋਲ਼ੀ ਔਰਤ ਨੂੰ ਲੱਗੀ ਤੇ ਇਕ ਗੋਲ਼ੀ ਸੇਵਾਦਾਰ ਨੂੰ ਛੂੰਹਦੀ ਹੋਈ ਲੰਘ ਗਈ। ਦੋਵਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ, ਜਿੱਥੇ ਔਰਤ ਨੂੰ ਮ੍ਰਿਤਕ ਐਲਾਨ ਦੇ ਦਿੱਤਾ ਗਿਆ ਜਦਕਿ ਸਾਗਰ ਇਲਾਜ ਅਧੀਨ ਹੈ।
ਆਖ਼ਰੀ ਖ਼ਬਰਾਂ ਮਿਲਣ ਤੱਕ ਪੁਲਿਸ ਵੱਲੋਂ ਹਸਪਤਾਲ ’ਚ ਦਾਖ਼ਲ ਸੇਵਾਦਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਸਨ ਅਤੇ ਇਕ ਟੀਮ ਗੁਰਦੁਆਰਾ ਸਾਹਿਬ ਮੌਕੇ ਦਾ ਜਾਇਜ਼ਾ ਲੈਣ ਪੁੱਜ ਗਈ ਸੀ। ਸੂਤਰਾਂ ਅਨੁਸਾਰ ਗੋਲ਼ੀ ਚਲਾਉਣ ਵਾਲੇ ਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ।
ਪੁਲਿਸ ਅਨੁਸਾਰ, ਅੱਜ ਰਾਤ ਕਰੀਬ 9:15 ਵਜੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਤੋਂ ਇੱਕ ਘਟਨਾ ਸਾਹਮਣੇ ਆਈ ਹੈ ਕਿ ਸੇਵਾਦਾਰਾਂ ਨੂੰ ਗੁਰਦੁਆਰੇ ਦੇ ਸਰੋਵਰ ਨੇੜੇ ਪਰਮਿੰਦਰ ਕੌਰ ਉਮਰ 32 ਸਾਲ ਵਾਸੀ ਅਰਬਨ ਅਸਟੇਟ ਫੇਜ਼ ਇਕ ਕੋਲ ਸ਼ਰਾਬ ਅਤੇ ਤੰਬਾਕੂ ਬਰਾਮਦ ਹੋਈ ਹੈ।
ਮਹਿਲਾ ਨੂੰ ਮੈਨੇਜਰ ਦੇ ਦਫਤਰ ਲਿਜਾਇਆ ਗਿਆ ਅਤੇ ਇਸੇ ਦੌਰਾਨ ਥਾਣਾ ਅਨਾਜ ਮੰਡੀ ਤੋਂ ਡਿਊਟੀ ਅਫਸਰ ਅਤੇ ਪੀਸੀਆਰ ਵੀ ਪਹੁੰਚ ਗਏ। ਜਦੋਂ ਔਰਤ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਲਿਜਾਇਆ ਜਾ ਰਿਹਾ ਸੀ ਤਾਂ ਨਿਰਮਲਜੀਤ ਸਿੰਘ ਨਾਮ ਦੇ ਵਿਅਕਤੀ ਨੇ 32 ਬੋਰ ਦੇ ਲਾਇਸੈਂਸੀ ਰਿਵਾਲਵਰ ਨਾਲ ਉਸ ‘ਤੇ 5 ਰਾਉਂਡ ਫਾਇਰ ਕੀਤੇ। ਇਸ ਦੌਰਾਨ ਸੇਵਾਦਾਰ ਸਾਗਰ ਕੁਮਾਰ ਵਾਸੀ ਮਥੁਰਾ ਕਾਲੋਨੀ ਪਟਿਆਲਾ ਨੂੰ ਵੀ ਗੋਲ਼ੀ ਲੱਗੀ ਅਤੇ ਉਹ ਇਲਾਜ ਅਧੀਨ ਹੈ ਅਤੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਨਿਰਮਲਜੀਤ ਸਿੰਘ ਸੈਣੀ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਕੋਲੋਂ ਅਸਲਾ ਵੀ ਬਰਾਮਦ ਕੀਤਾ ਗਿਆ ਹੈ। ਉਸ ਦਾ ਕੋਈ ਪਿਛਲਾ ਅਪਰਾਧਕ ਰਿਕਾਰਡ ਨਹੀਂ ਹੈ।