ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਗਿ੍ਰਫ਼ਤਾਰੀ ਤੋਂ ਬਾਅਦ ਵਿਗੜੇ ਹਾਲਾਤ ਦਾ ਅਸਰ ਅੱਠ ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਸਬੰਧੀ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਦੇ ਜਥਿਆਂ ’ਤੇ ਪਵੇਗਾ। ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ’ਚ ਇਸ ਵਾਰ ਸ਼ਰਧਾਲੂ ਕੇਵਲ ਇਕ ਦਿਨ ਹੀ ਠਹਿਰ ਸਕਣਗੇ। ਇਸ ਤੋਂ ਪਹਿਲਾਂ ਭਾਰਤੀ ਸ਼ਰਧਾਲੂ ਇੱਥੇ ਤਿੰਨ ਦਿਨ ਠਹਿਰਦੇ ਸਨ ਪਰ ਇਸ ਵਾਰ ਤਣਾਅਪੂਰਨ ਹਾਲਾਤ ਕਾਰਨ ਪਾਕਿਸਤਾਨ ਸਰਕਾਰ ਨੇ ਸ਼ਰਧਾਲੂਆਂ ਦੇ ਠਹਿਰਨ ਦੇ ਨਿਯਮਾਂ ਵਿਚ ਬਦਲਾਅ ਕੀਤਾ ਹੈ।
ਭਾਰਤੀ ਸ਼ਰਧਾਲੂਆਂ ਦਾ ਜਥਾ ਅੱਠ ਜੂਨ ਨੂੰ ਅਟਾਰੀ-ਵਾਹਗਾ ਸਰਹੱਦ ਤੋਂ ਸੜਕ ਮਾਰਗ ਰਾਹੀਂ ਪਾਕਿਸਤਾਨ ਜਾਵੇਗਾ ਅਤੇ 16 ਜੂਨ ਨੂੰ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ’ਚ ਮੁੱਖ ਧਾਰਮਿਕ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ 17 ਜੂਨ ਨੂੰ ਭਾਰਤ ਪਰਤੇਗਾ। ਪਿਛਲੇ ਸਾਲ ਜਥੇ ਵਿਚ 400 ਤੋਂ ਵੱਧ ਸ਼ਰਧਾਲੂ ਗਏ ਸਨ ਅਤੇ ਇਸ ਵਾਰ 250 ਤੋਂ 300 ਸ਼ਰਧਾਲੂਆਂ ਨੂੰ ਹੀ ਵੀਜ਼ਾ ਮਿਲਣ ਦੀ ਸੰਭਾਵਨਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਾਤਰਾ ਵਿਭਾਗ ਦੇ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਜਾਣ ਦੇ ਇੱਛੁਕ ਸ਼ਰਧਾਲੂਆਂ ਤੋਂ ਪਾਸਪੋਰਟ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਉਥੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ ਨੇ ਦੱਸਿਆ ਕਿ ਇਹਤਿਆਤ ਵਜੋਂ ਸ਼ਰਧਾਲੂਆਂ ਲਈ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ’ਚ ਹੋਣ ਵਾਲੇ ਮੁੱਖ ਸਮਾਗਮ ਸਥਾਨਾਂ ’ਤੇ ਇਕ ਰਾਤ ਦੇ ਠਹਿਰਾਅ ਦਾ ਪ੍ਰਬੰਧ ਕੀਤਾ ਗਿਆ ਹੈ। ਪਾਕਿਸਤਾਨ ਸਰਕਾਰ ਭਾਰਤੀ ਸ਼ਰਧਾਲੂਆਂ ਲਈ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਵੀ ਕਰ ਰਹੀ ਹੈ।
ਸਭ ਤੋਂ ਪਹਿਲਾਂ ਗੁਰਦੁਆਰਾ ਪੰਜਾ ਸਾਹਿਬ ਪਹੁੰਚੇਗਾ ਜਥਾ
ਸ਼ਰਧਾਲੂਆਂ ਦਾ ਜਥਾ ਅੱਠ ਜੂਨ ਨੂੰ ਸਭ ਤੋਂ ਪਹਿਲਾਂ ਰਾਵਲਪਿੰਡੀ ਦੇ ਸਮੀਨ ਹਸਨ ਅਬਦਾਲ ਸਥਿਤ ਗੁਰਦੁਆਰਾ ਪੰਜਾ ਸਾਹਿਬ ਪੁੱਜੇਗਾ। ਪਾਕਿਸਤਾਨ ਸਰਕਾਰ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ 9 ਜੂਨ ਨੂੰ ਜਥਾ ਉਥੇ ਰੁਕੇਗਾ ਅਤੇ 10 ਜੂਨ ਨੂੰ ਸਵੇਰੇ ਗੁਰਦੁਆਰਾ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਕੇ 11 ਜੂਨ ਨੂੰ ਹੋਰਨਾਂ ਗੁਰਦੁਆਰਿਆਂ ਦੇ ਦਰਸ਼ਨ ਕਰੇਗਾ। 12 ਜੂਨ ਨੂੰ ਫਾਰੂਖਾਬਾਦ ਦੇ ਗੁਰਦੁਆਰਾ ਸੱਚਾ ਸੌਦਾ ’ਚ ਰਾਤ ਦਾ ਠਹਿਰਾਇਆ ਹੋਵੇਗਾ ਅਤੇ 13 ਜੂਨ ਨੂੰ ਜਥਾ ਗੁਰਦੁਆਰਾ ਕਰਤਾਰਪੁਰ ਸਾਹਿਬ (ਨੈਰੋਵਾਲ) ਲਈ ਰਵਾਨਾ ਹੋਵੇਗਾ। ਦੋ ਦਿਨ ਇੱਥੇ ਠਹਿਰਨ ਤੋਂ ਬਾਅਦ 15 ਜੂਨ ਨੂੰ ਗੁਜਰਾਂਵਾਲਾ ਸਥਿਤ ਗੁਰਦੁਆਰਾ ਰੋੜੀ ਸਾਹਿਬ ਜਾਣ ਤੋਂ ਬਾਅਦ 16 ਜੂਨ ਨੂੰ ਲਾਹੌਰ ਪੁੱਜੇਗਾ। ਇੱਥੇ ਗੁਰਦੁਆਰਾ ਡੇਰਾ ਸਾਹਿਬ ’ਚ ਮੁੱਖ ਸਮਾਗਮ ’ਚ ਸ਼ਾਮਲ ਹੋਣ ਤੋਂ ਬਾਅਦ 17 ਜੂਨ ਨੂੰ ਜਥੇ ਭਾਰਤ ਪਰਤੇਗਾ।