ਇਲੈਕਟ੍ਰਿਕ ਕਾਰ ਕੰਪਨੀ ਟੇਸਲਾ ਦੇ ਸੀਈਓ ਐਲਨ ਮਸਕ ਨੇ ਉਨ੍ਹਾਂ ਸਾਰੀਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ, ਜਿਸ ‘ਚ ਕਿਹਾ ਜਾ ਰਿਹਾ ਹੈ ਕਿ ਉਹ ਟੇਸਲਾ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ। ਮਸਕ ਨੇ ਸ਼ੇਅਰਧਾਰਕਾਂ ਨਾਲ ਮੀਟਿੰਗ ਦੌਰਾਨ ਇਹ ਗੱਲ ਕਹੀ।
ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਟਵਿੱਟਰ ਨੇ ਲਿੰਡਾ ਯਾਕਾਰਿਨੋ ਨੂੰ ਕੰਪਨੀ ਦੀ ਸੀਈਓ ਨਿਯੁਕਤ ਕੀਤਾ ਹੈ, ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਮਸਕ ਜਲਦ ਹੀ ਟੇਸਲਾ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ।
ਮੀਟਿੰਗ ਦੌਰਾਨ ਇਕ ਸ਼ੇਅਰਧਾਰਕ ਦੀ ਤਰਫੋਂ ਟੇਸਲਾ ਦੇ ਇਸ਼ਤਿਹਾਰ ਬਾਰੇ ਵੀ ਸਵਾਲ ਪੁੱਛਿਆ ਗਿਆ, ਜਿਸ ‘ਤੇ ਮਸਕ ਨੇ ਕਿਹਾ ਕਿ ਅਸੀਂ ਵੱਲ ਧਿਆਨ ਦੇਵਾਂਗੇ। ਕੰਪਨੀ ਇਸ਼ਤਿਹਾਰਬਾਜ਼ੀ ਸ਼ੁਰੂ ਕਰੇਗੀ।
ਆਸਟਿਨ, ਟੈਕਸਾਸ ਵਿਚ ਸ਼ੇਅਰਧਾਰਕਾਂ ਨਾਲ ਇੱਕ ਮੀਟਿੰਗ ‘ਚ ਕਿਹਾ ਕਿ ਅਸੀਂ ਛੋਟੀ ਸ਼ੁਰੂਆਤ ਕਰਾਂਗੇ ਅਤੇ ਦੇਖਾਂਗੇ ਕਿ ਇਹ ਕਿਵੇਂ ਪ੍ਰਭਾਵ ਪਾਉਂਦਾ ਹੈ।
ਮਸਕ ਨੇ ਅੱਗੇ ਕਿਹਾ ਕਿ ਉਸ ਦਾ ‘ਫੁਲ ਸੈਲਫ ਡਰਾਈਵਿੰਗ’ ਸਾਫਟਵੇਅਰ ਮਨੁੱਖੀ ਸਹਾਇਤਾ ਪ੍ਰਾਪਤ ਡਰਾਈਵਿੰਗ ਨਾਲੋਂ ਸੁਰੱਖਿਅਤ ਹੋਣ ਦੇ ਬਹੁਤ ਨੇੜੇ ਆ ਗਿਆ ਹੈ। ਇਸ ਤੋਂ ਪਹਿਲਾਂ ਮਸਕ ਨੇ ਕਿਹਾ ਸੀ ਕਿ ਇਹ ਇਸ ਸਾਲ ਇਹ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ।
ਪਿਛਲੇ ਸਾਲ ਖਰੀਦਿਆ ਸੀ ਟਵਿੱਟਰ
ਟਵਿੱਟਰ ਨੂੰ ਅਕਤੂਬਰ 2022 ਵਿਚ ਮਸਕ ਨੇ 44 ਬਿਲੀਅਨ ਡਾਲਰ ਵਿਚ ਖਰੀਦਿਆ ਸੀ। ਉਦੋਂ ਤੋਂ ਮਸਕ ਕੰਪਨੀ ਦੇ ਸੀਈਓ ਬਣੇ ਹੋਏ ਸਨ। ਕੁਝ ਮਹੀਨੇ ਪਹਿਲਾਂ, ਮਸਕ ਦੁਆਰਾ ਟਵਿੱਟਰ ਦੇ ਸੀਈਓ ਦੇ ਅਹੁਦੇ ਨੂੰ ਲੈ ਕੇ ਟਵਿੱਟਰ ‘ਤੇ ਇਕ ਪੋਲ ਕਰਵਾਈ ਗਈ ਸੀ, ਜਿਸ ਵਿਚ ਜ਼ਿਆਦਾਤਰ ਲੋਕਾਂ ਨੇ ਕਿਹਾ ਸੀ ਕਿ ਮਸਕ ਨੂੰ ਟਵਿੱਟਰ ਦੇ ਸੀਈਓ ਦਾ ਅਹੁਦਾ ਛੱਡ ਦੇਣਾ ਚਾਹੀਦਾ ਹੈ। ਲਿੰਡਾ ਯਾਕਾਰਿਨੋ ਨੂੰ ਹੁਣ ਕੰਪਨੀ ਦੀ ਵਾਗਡੋਰ ਸੌਂਪ ਦਿੱਤੀ ਗਈ ਹੈ। ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਖਰੀਦਣ ਤੋਂ ਬਾਅਦ ਕਈ ਵੱਡੇ ਬਦਲਾਅ ਕੀਤੇ ਹਨ, ਜਿਸ ਵਿਚ ਅਦਾਇਗੀ ਬਲੂ ਟਿੱਕ ਸਬਸਕ੍ਰਿਪਸ਼ਨ ਅਤੇ ਕਰਮਚਾਰੀਆਂ ਦੀ ਛਾਂਟੀ ਸ਼ਾਮਲ ਹੈ।