ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸੀਬੀਆਈ ਵੱਲੋਂ ਜਗਦੀਸ਼ ਟਾਈਟਲਰ ਖ਼ਿਲਾਫ਼ ਦੋਸ਼ ਪੱਤਰ ਦਾਇਰ ਕਰਨਾ ਸਿੱਖ ਭਾਈਚਾਰੇ ਦੀ ਵੱਡੀ ਜਿੱਤ ਹੈ।
1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ 39 ਸਾਲਾਂ ਤੋਂ ਸੰਘਰਸ਼ ਜਾਰੀ ਹੈ।
ਛੇਤੀ ਇਨਸਾਫ਼ ਮਿਲਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਡੀਐੱਸਜੀਐੱਮਸੀ ਆਤਮਾ ਸਿੰਘ ਲੁਬਾਣਾ ਦੀ ਅਗਵਾਈ ’ਚ ਕਾਨੂੰਨੀ ਲੜਾਈ ਨੂੰ ਅੱਗੇ ਵਧਾ ਰਹੀ ਹੈ। ਟਾਈਟਲਰ ਨਾਲ ਜੁੜਿਆ ਮਾਮਲਾ ਗੁਰਦੁਆਰਾ ਪੁਲ਼ ਬੰਗਸ਼ ਇਲਾਕੇ ਦਾ ਹੈ, ਜਿਥੇ ਤਿੰਨ ਸਿੱਖਾਂ ਦੀ ਹੱਤਿਆ ਕੀਤੀ ਗਈ ਸੀ।
ਕਾਂਗਰਸ ਸਰਕਾਰ ਦੌਰਾਨ ਟਾਈਟਲਰ ਨੂੰ ਸੀਬੀਆਈ ਨੇ ਕਲੀਨ ਚਿੱਟ ਦੇ ਦਿੱਤੀ ਸੀ। ਨਰਿੰਦਰ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਇਸ ਮਾਮਲੇ ਦੀ ਦੁਬਾਰਾ ਜਾਂਚ ਹੋਈ।
ਇਸ ਮਾਮਲੇ ਦੀ ਪ੍ਰਤੱਖਦਰਸ਼ੀ ਅਮਰਜੀਤ ਸਿੰਘ ਬੇਦੀ ਤੇ ਹਰਪਾਲ ਕੌਰ ਨੇ 29 ਮਾਰਚ ਨੂੰ ਧਾਰਾ 164 ਤਹਿਤ ਮਜਿਸਟ੍ਰੇਟ ਕੋਲ ਬਿਆਨ ਦਰਜ ਕਰਵਾਏ ਸਨ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਸਿੱਖ ਵਿਰੋਧੀ ਦੰਗਿਆਂ ਦੇ ਮੁਲਜ਼ਮਾਂ ਨੂੰ ਸਜ਼ਾ ਦੇਣ ਦੀ ਥਾਂ ਉਨ੍ਹਾਂ ਨੂੰ ਮੰਤਰੀ ਤੇ ਹੋਰ ਅਹਿਮ ਅਹੁਦੇ ਦਿੱਤੇ ਗਏ।
ਮੋਦੀ ਸਰਕਾਰ ਨੇ ਭਰੋਸਾ ਦਿੱਤਾ ਕਿ ਬਿਨਾਂ ਕਿਸੇ ਦਬਾਅ ਦੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਦੋਸ਼ੀਆਂ ਨੂੰ ਸਜ਼ਾ ਮਿਲੇਗੀ।