ਸ੍ਰੀ ਹਰਿਮੰਦਰ ਸਾਹਿਬ ਦੇ ਆਸ-ਪਾਸ ਲੜੀਵਾਰ ਬੰਬ ਧਮਾਕਿਆਂ ਦੇ ਮੁਲਜ਼ਮ ਆਜ਼ਾਦਬੀਰ ਸਿੰਘ ਨੇ ਪੁਲਿਸ ਹਿਰਾਸਤ ਵਿਚ ਖ਼ੁਲਾਸਾ ਕੀਤਾ ਕਿ ਉਸ ਨੇ ਸ਼ਹਿਰ ਵਿਚ 15 ਥਾਵਾਂ ’ਤੇ ਧਮਾਕੇ ਕਰ ਕੇ ਦਹਿਸ਼ਤ ਫੈਲਾਉਣੀ ਸੀ।
ਇਸ ਦੇ ਲਈ ਉਹ ਸ਼ਹਿਰ ਵਿਚ ਟਿਕਾਣਿਆਂ ਦੀ ਭਾਲ ਕਰ ਰਿਹਾ ਸੀ। ਹਾਲਾਂਕਿ ਪਹਿਲੇ ਵਿਸਫੋਟ ਤੋਂ ਬਾਅਦ ਉਸ ਦੀਆਂ ਯੋਜਨਾਵਾਂ ਉਦੋਂ ਚਕਨਾਚੂਰ ਹੋ ਗਈਆਂ ਜਦੋਂ ਪੁਲਿਸ ਨੇ ਕਿਹਾ ਕਿ ਚਿਮਨੀ ਫਟਣ ਦੀ ਗੱਲ ਕਹੀ ਸੀ
ਕਿਉਂਕਿ ਉਹ ਇਸ ਧਮਾਕੇ ਰਾਹੀਂ ਆਪਣੇ ਨਾਂ ’ਤੇ ਦੇਸ਼ ਅਤੇ ਦੁਨੀਆ ’ਚ ਦਹਿਸ਼ਤ ਪੈਦਾ ਕਰਨਾ ਚਾਹੁੰਦਾ ਸੀ ਜੋ ਹੋ ਨਹੀਂ ਸਕਿਆ।
ਥਾਣਾ ਕੋਤਵਾਲੀ ਵਿਖੇ ਕੀਤੀ ਜਾ ਰਹੀ ਪੁੱਛਗਿੱਛ ’ਚ ਆਜ਼ਾਦਬੀਰ ਨੇ ਮੰਨਿਆ ਕਿ ਪਹਿਲੇ ਧਮਾਕੇ ਤੋਂ ਬਾਅਦ ਮੀਂਹ ਅਤੇ ਝੱਖੜ ਕਾਰਨ ਉਸ ਵੱਲੋਂ ਸੁੱਟੀ ਗਈ ਚਿੱਠੀ ਘਟਨਾ ਵਾਲੀ ਥਾਂ ’ਤੋਂ ਉੱਡ ਗਈ ਜਿਸ ਨੂੰ ਪੁਲਿਸ ਘਟਨਾ ਤੋਂ ਬਾਅਦ ਬਰਾਮਦ ਨਹੀਂ ਕਰ ਸਕੀ ਪਰ ਦੂਜੇ ਧਮਾਕੇ ਤੋਂ ਬਾਅਦ ਉਸ ਨੂੰ ਮਹਿਸੂਸ ਹੋਣ ਲੱਗਾ ਕਿ ਜੇ ਉਹ ਇਸ ਵਿਸਫੋਟਕ ਨੂੰ ਲਗਾਤਾਰ ਦਸ-ਪੰਦਰਾਂ ਵਾਰ ਵਿਸਫੋਟ ਕਰਦਾ ਹੈ ਤਾਂ ਸ਼ਹਿਰ ਵਿਚ ਕਾਫੀ ਡਰ ਦਾ ਮਾਹੌਲ ਬਣ ਸਕਦਾ ਹੈ।
ਉਸ ਨੇ ਮੰਨਿਆ ਕਿ ਦੂਜੇ ਧਮਾਕੇ ਤੋਂ ਬਾਅਦ ਉਹ ਮੌਕੇ ’ਤੇ ਗਿਆ ਸੀ ਅਤੇ ਉਥੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਪੋਸਟਰ ਪੁਲਿਸ ਮੁਲਾਜ਼ਮਾਂ ਨੂੰ ਦਿੱਤੇ ਸਨ। ਪੁਲਿਸ ਨੇ ਉਸ ’ਤੇ ਕਾਰਵਾਈ ਕਰਨ ਦੀ ਬਜਾਏ ਪੋਸਟਰ ਲਪੇਟ ਕੇ ਆਪਣੀ ਜੇਬ ਵਿਚ ਪਾ ਲਿਆ। ਫਿਲਹਾਲ ਆਜ਼ਾਦਬੀਰ ਸਿੰਘ, ਪਟਾਕੇ ਕਾਰੋਬਾਰੀ ਸਾਹਿਬ ਸਿੰਘ ਸਾਬਾ ਸਮੇਤ 5 ਮੁਲਜ਼ਮਾਂ ਨੂੰ ਸੋਮਵਾਰ ਸ਼ਾਮ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਬਾਬਾ ਬਕਾਲਾ ਦੇ ਰਹਿਣ ਵਾਲੇ ਆਜ਼ਾਦਬੀਰ ਸਿੰਘ ਨੇ ਕੁਝ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਨੇੜੇ ਲਗਾਤਾਰ ਤਿੰਨ ਧਮਾਕੇ ਕਰ ਕੇ ਦਹਿਸ਼ਤ ਪੈਦਾ ਕਰ ਦਿੱਤੀ ਸੀ। ਘਟਨਾ ਤੋਂ ਬਾਅਦ ਨਾ ਸਿਰਫ਼ ਪੁਲਿਸ ਸਗੋਂ ਦੇਸ਼ ਦੀਆਂ ਹੋਰ ਸੁਰੱਖਿਆ ਏਜੰਸੀਆਂ ਜਾਂਚ ਲਈ ਮੌਕੇ ’ਤੇ ਪਹੁੰਚ ਗਈਆਂ ਸਨ। ਮੁਲਜ਼ਮ ਆਜ਼ਾਦਬੀਰ ਸਿੰਘ ਐੱਸਡੀਐੱਮ ਤਰਨਤਾਰਨ ਤੋਂ ਬਰਖ਼ਾਸਤ ਕਲਰਕ ਸੀ ਅਤੇ ਬਲਾਸਟ ਕਰ ਕੇ ਵਿਦੇਸ਼ ਤੋਂ ਫੰਡ ਇਕੱਠਾ ਕਰਨਾ ਚਾਹੁੰਦਾ ਸੀ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਆਜ਼ਾਦਬੀਰ ਸਿੰਘ, ਜਤਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਵੀ ਨਸ਼ੇ ਦੇ ਆਦੀ ਵੀ ਰਹਿ ਚੁੱਕੇ ਹਨ।