ਅਮਰੀਕੀ ਜਾਂਚ ਏਜੰਸੀ FBI ਨੇ ਮਰਹੂਮ ਮਹਾਰਾਣੀ ਐਲਿਜ਼ਾਬੈਥ-2 ਬਾਰੇ ਵੱਡਾ ਖੁਲਾਸਾ ਕੀਤਾ ਹੈ। ਜਾਂਚ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਬ੍ਰਿਟੇਨ ਦੀ ਸਾਬਕਾ ਮਹਾਰਾਣੀ ਐਲਿਜ਼ਾਬੈਥ ਨੂੰ 1983 ‘ਚ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਜਦੋਂ ਉਹ ਆਪਣੇ ਪਤੀ ਪ੍ਰਿੰਸ ਫਿਲਿਪ ਨਾਲ ਕੈਲੀਫੋਰਨੀਆ ਦੇ ਦੌਰੇ ‘ਤੇ ਆਈ ਸਨ।
FBI ਦੇ ਅਨੁਸਾਰ ਸੈਨ ਫਰਾਂਸਿਸਕੋ ਦੇ ਇੱਕ ਪੁਲਿਸ ਅਧਿਕਾਰੀ ਨੂੰ ਐਲਿਜ਼ਾਬੈਥ ਦੇ ਦੌਰੇ ਤੋਂ ਲਗਭਗ ਇੱਕ ਮਹੀਨਾ ਪਹਿਲਾਂ 4 ਫਰਵਰੀ ਨੂੰ ਧਮਕੀ ਮਿਲੀ ਸੀ। ਇਸੇ ਪੁਲਿਸ ਅਧਿਕਾਰੀ ਨੇ ਇਸ ਬਾਰੇ ਐਫਬੀਆਈ ਨੂੰ ਸੂਚਿਤ ਕੀਤਾ ਸੀ, ਜਿਸ ਨਾਲ ਜਾਂਚ ਏਜੰਸੀ ਦੀ ਚਿੰਤਾ ਵੱਧ ਗਈ ਸੀ। ਐਫਬੀਆਈ ਦੁਆਰਾ ਜਾਰੀ ਕੀਤੇ ਗਏ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਹੈ ਕਿ ਅਮਰੀਕੀ ਅਧਿਕਾਰੀਆਂ ਨੇ ਮਰਹੂਮ ਮਹਾਰਾਣੀ ਨੂੰ ਆਇਰਿਸ਼ ਰਿਪਬਲਿਕਨ ਆਰਮੀ (IRA) ਦੀਆਂ ਧਮਕੀਆਂ ਤੋਂ ਬਚਾਇਆ ਸੀ।
ਧੀ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਸੀ ਵਿਅਕਤੀ
ਐਫਬੀਆਈ ਦੇ ਖੁਲਾਸੇ ਮੁਤਾਬਕ ਇੱਕ ਵਿਅਕਤੀ ਆਪਣੀ ਧੀ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਸੀ। ਆਇਰਲੈਂਡ ਵਿੱਚ ਰਾਣੀ ਨੂੰ ਧਮਕੀ ਦੇਣ ਵਾਲੇ ਵਿਅਕਤੀ ਦੀ ਇੱਕ ਧੀ ਦੀ ਰਬੜ ਦੀ ਗੋਲੀ ਨਾਲ ਮੌਤ ਹੋ ਗਈ ਸੀ। ਉਹ ਇਸ ਲਈ ਬਰਤਾਨੀਆ ਦੇ ਰਾਜਸ਼ਾਹੀ ਨੂੰ ਜ਼ਿੰਮੇਵਾਰ ਮੰਨਦਾ ਸੀ। ਦਰਅਸਲ ‘ਚ ਰਾਣੀ ਨੂੰ ਮਾਰਨ ਦੀ ਇੱਛਾ ਰੱਖਣ ਵਾਲੇ ਵਿਅਕਤੀ ਨੇ ਖੁਦ ਹੀ ਪੱਬ ‘ਚ ਪੁਲਿਸ ਅਧਿਕਾਰੀ ਨੂੰ ਸਾਰੀ ਗੱਲ ਦੱਸ ਦਿੱਤੀ ਸੀ। ਹਾਲਾਂਕਿ, ਐਫਬੀਆਈ ਨੇ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਕਿ ਧਮਕੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਾਂ ਨਹੀਂ।
ਇਦਾਂ ਬਣਾਇਆ ਸੀ ਮਹਾਰਾਣੀ ਨੂੰ ਮਾਰਨ ਦਾ ਪਲਾਨ
ਗੁਪਤ ਦਸਤਾਵੇਜ਼ਾਂ ਦੇ ਅਨੁਸਾਰ, ਵਿਅਕਤੀ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਮਹਾਰਾਣੀ ਐਲਿਜ਼ਾਬੈਥ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨੇ ਕਿਹਾ ਕਿ ਉਹ ਰਾਇਲ ਯਾਕ ਬ੍ਰਿਟੇਨੀਆ ਗੋਲਡਨ ਗੇਟ ਬ੍ਰਿਜ ਦੇ ਹੇਠਾਂ ਤੋਂ ਲੰਘਣ ਵੇਲੇ ਮਹਾਰਾਣੀ ‘ਤੇ ਕੋਈ ਚੀਜ਼ ਸੁੱਟੇਗਾ। ਇਸ ਤੋਂ ਇਲਾਵਾ ਉਦੋਂ ਮਹਾਰਾਣੀ ਐਲਿਜ਼ਾਬੈਥ ਨੂੰ ਮਾਰਨ ਦੀ ਕੋਸ਼ਿਸ਼ ਕਰੇਗਾ ਜਦੋਂ ਮਹਾਰਾਣੀ ਯੋਸੇਮਾਈਟ ਨੈਸ਼ਨਲ ਪਾਰਕ ਦਾ ਦੌਰਾ ਕਰੇਗੀ। ਇਸ ਗੱਲ ਨੂੰ ਧਿਆਨ ‘ਚ ਰੱਖਦਿਆਂ ਸੁਰੱਖਿਆ ਏਜੰਸੀਆਂ ਨੇ ਤਿਆਰੀ ਕਰ ਲਈ ਸੀ। ਮਹਾਰਾਣੀ ਦਾ ਦੌਰਾ ਆਪਣੇ ਕਾਰਜਕ੍ਰਮ ਅਨੁਸਾਰ ਪੂਰਾ ਹੋਇਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਤੰਬਰ ‘ਚ 96 ਸਾਲ ਦੀ ਉਮਰ ‘ਚ ਬ੍ਰਿਟੇਨ ਦੀ ਮਹਾਰਾਣੀ ਦੀ ਮੌਤ ਹੋ ਗਈ ਸੀ।