ਜੇਕਰ ਤੁਹਾਡੇ ਕੋਲ ਬੀਐੱਡ ਦੀ ਡਿਗਰੀ ਹੈ ਤੇ ਤੁਸੀਂ ਗਣਿਤ ਜਾਂ ਵਿਗਿਆਨ ਦੇ ਅਧਿਆਪਕ ਹੋ ਤਾਂ ਬਿ੍ਰਟੇਨ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਬਿ੍ਰਟੇਨ ਦੇ ਸਕੂਲਾਂ ’ਚ ਇਸ ਵੇਲੇ ਗਣਿਤ ਤੇ ਵਿਗਿਆਨ ਦੇ ਅਧਿਆਪਕਾਂ ਦੀ ਭਾਰੀ ਕਮੀ ਹੋ ਗਈ ਹੈ।
ਬਿ੍ਰਟਿਸ਼ ਸਰਕਾਰ ਨੇ ਕਿਹਾ ਹੈ ਕਿ ਇਹ ਕਮੀ ਪੂਰੀ ਕਰਨ ਲਈ ਸਰਕਾਰ ਭਾਰਤ ਸਣੇ ਕੁਝ ਹੋਰਨਾਂ ਅਫਰੀਕੀ ਦੇਸ਼ਾਂ ਤੋਂ ਯੋਗ ਅਧਿਆਪਕਾਂ ਨੂੰ ਆਪਣੇ ਇੱਥੇ ਨੌਕਰੀ ਦੇਵੇਗੀ। ਖ਼ਾਸ ਗੱਲ ਇਹ ਹੈ ਕਿ ਬਿ੍ਰਟੇਨ ਸਰਕਾਰ ਅਧਿਆਪਕਾਂ ਨੂੰ ਪ੍ਰੋਫੈਸਰ ਤੋਂ ਜ਼ਿਆਦਾ ਤਨਖ਼ਾਹ ਦੀ ਪੇਸ਼ਕਸ਼ ਕਰ ਰਹੀ ਹੈ।
ਅਧਿਆਪਕਾਂ ਦੀ ਯੋਗਤਾ ਤੇ ਤਜਰਬੇ ਮੁਤਾਬਕ 10 ਹਜ਼ਾਰ ਪੌਂਡ ਤੋਂ 27 ਹਜ਼ਾਰ ਪੌਂਡ ਤੱਕ ਪ੍ਰਤੀ ਸਾਲ ਤਨਖ਼ਾਹ ਦੀ ਪੇਸ਼ਕਸ਼ ਦਿੱਤੀ ਜਾ ਰਹੀ ਹੈ। ਫਿਲਹਾਲ 10 ਹਜ਼ਾਰ ਪੌਂਡ, ਭਾਰਤੀ ਮੁਦਰਾ ’ਚ 10.19 ਲੱਖ ਰੁਪਏ ਦੇ ਬਰਾਬਰ ਹੈ।
ਲੰਡਨ ਦੇ ਅਖ਼ਬਾਰ ‘ਦਿ ਟਾਈਮਜ਼’ ਦੀ ਇਕ ਰਿਪੋਰਟ ਮੁਤਾਬਕ, ਸਰਕਾਰ ਨੇ ਕਿਹਾ ਹੈ ਕਿ ਸੈਂਕੜੇ ਗਣਿਤ, ਵਿਗਿਆਨ ਤੇ ਭਾਸ਼ਾ ਅਧਿਆਪਕਾਂ ਨੂੰ ਇਸ ਸਾਲ ਭਾਰਤ ਤੇ ਨਾਈਜੀਰੀਆ ਵਰਗੇ ਦੇਸ਼ਾਂ ਤੋਂ ਬਿ੍ਰਟੇਨ ਲਿਆਂਦਾ ਜਾਵੇਗਾ।
ਇਸ ਤੋਂ ਇਲਾਵਾ ਹੋਰਨਾਂ ਦੇਸ਼ਾਂ ’ਚ ਵੀ ਅਲੱਗ-ਅਲੱਗ ਵਿਸ਼ਿਆਂ ’ਚ ਭਰਤੀ ਯੋਜਨਾਵਾਂ ਦਾ ਵਿਸਥਾਰ ਕਰਨ ਦੀ ਸਰਕਾਰ ਦੀ ਯੋਜਨਾ ਹੈ।