India News

ਜੂਨੀਅਰ ਏਸ਼ੀਆ ਕੱਪ ‘ਚ ਭਾਰਤ-ਪਾਕਿ ਰਹੇ ਬਰਾਬਰ, ਸੂਚੀ ‘ਚ ਦੂਜੇ ਸਥਾਨ ‘ਤੇ ਟੀਮ ਇੰਡੀਆ

ਭਾਰਤ ਨੇ ਪੂਲ ਏ ਦਾ ਆਪਣਾ ਤੀਜਾ ਮੈਚ ਧੁਰ ਵਿਰੋਧੀ ਪਾਕਿਸਤਾਨ ਖ਼ਿਲਾਫ਼ 1-1 ਨਾਲ ਡਰਾਅ ਖੇਡਿਆ ਤੇ ਇਸ ਤਰ੍ਹਾਂ ਮਰਦ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿਚ ਆਪਣੀ ਅਜੇਤੂ ਮੁਹਿੰਮ ਜਾਰੀ ਰੱਖੀ। ਸ਼ਾਰਦਾਨੰਦ ਤਿਵਾੜੀ ਨੇ ਮੈਚ ਦੇ 24ਵੇਂ ਮਿੰਟ ਵਿਚ ਗੋਲ ਕਰ ਕੇ ਭਾਰਤ ਨੂੰ ਬੜ੍ਹਤ ਦਿਵਾਈ ਪਰ ਬਸ਼ਾਰਤ ਅਲੀ ਨੇ 44ਵੇਂ ਮਿੰਟ ਵਿਚ ਪਾਕਿਸਤਾਨ ਵੱਲੋਂ ਬਰਾਬਰੀ ਦਾ ਗੋਲ ਕਰ ਦਿੱਤਾ।

ਇਹ ਮੈਚ ਡਰਾਅ ਖ਼ਤਮ ਹੋਣ ਨਾਲ ਭਾਰਤ ਦੇ ਹੁਣ ਤਿੰਨ ਮੈਚਾਂ ਵਿਚ ਸੱਤ ਅੰਕ ਹੋ ਗਏ ਹਨ ਤੇ ਉਹ ਪੂਲ-ਏ ਵਿਚ ਦੂਜੇ ਸਥਾਨ ‘ਤੇ ਹੈ। ਪਾਕਿਸਤਾਨ ਦੇ ਵੀ ਸੱਤ ਅੰਕ ਹਨ ਪਰ ਉਹ ਗੋਲ ਫ਼ਰਕ ਬਿਹਤਰ ਹੋਣ ਕਾਰਨ ਪਹਿਲੇ ਸਥਾਨ ‘ਤੇ ਹੈ। ਜਾਪਾਨ ਤਿੰਨ ਮੈਚਾਂ ਵਿਚ ਛੇ ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ। ਉਸ ਨੇ ਸ਼ਨਿਚਰਵਾਰ ਨੂੰ ਚੀਨੀ ਤਾਇਪੇ ਨੂੰ 10-1 ਨਾਲ ਹਰਾਇਆ ਸੀ।

ਭਾਰਤ ਨੇ ਇਸ ਤੋਂ ਪਹਿਲਾਂ ਚੀਨੀ ਤਾਇਪੇ ਨੂੰ 18-0 ਤੇ ਜਾਪਾਨ ਨੂੰ 3-1 ਨਾਲ ਹਰਾਇਆ ਸੀ। ਪਾਕਿਸਤਾਨ ਖ਼ਿਲਾਫ਼ ਮੈਚ ਵਿਚ ਭਾਰਤ ਨੇ ਸ਼ੁਰੂ ਤੋਂ ਹੀ ਹਮਲਾਵਰ ਵਤੀਰਾ ਅਪਣਾਇਆ ਤੇ ਆਪਣੀ ਵਿਰੋਧੀ ਟੀਮ ਨੂੰ ਦਬਾਅ ਵਿਚ ਰੱਖਿਆ। ਭਾਰਤ ਨੂੰ ਸ਼ੁਰੂ ਵਿਚ ਦੋ ਪੈਨਲਟੀ ਕਾਰਨਰ ਮਿਲੇ ਪਰ ਉਹ ਉਸ ਦਾ ਫ਼ਾਇਦਾ ਨਹੀਂ ਉਠਾ ਸਕਿਆ।

ਦੂਜੇ ਪਾਸੇ ਪਾਕਿਸਤਾਨ ਨੇ ਵੀ ਕੁਝ ਮੌਕੇ ਬਣਾਏ ਤੇ ਉਹ ਪੈਨਲਟੀ ਕਾਰਨਰ ‘ਤੇ ਗੋਲ ਕਰਨ ਦੀ ਸਥਿਤੀ ਵਿਚ ਪੁੱਜ ਗਿਆ ਸੀ ਪਰ ਭਾਰਤੀ ਗੋਲਕੀਪਰ ਅਮਨਦੀਪ ਲਾਕੜਾ ਨੇ ਬਿਹਤਰੀਨ ਬਚਾਅ ਕਰ ਕੇ ਉਸ ਦੀ ਇਹ ਕੋਸ਼ਿਸ਼ ਨਾਕਾਮ ਕਰ ਦਿੱਤੀ। ਭਾਰਤੀ ਟੀਮ ਪੂਲ ਏ ਦੇ ਆਪਣੇ ਆਖ਼ਰੀ ਮੈਚ ਵਿਚ ਥਾਈਲੈਂਡ ਨਾਲ ਭਿੜੇਗੀ।

Video