India News

6 ਜੂਨ ਨੂੰ ਘੱਲੂਘਾਰਾ ਦਿਵਸ ਮੌਕੇ ਜ਼ਖ਼ਮੀ ਪਾਵਨ ਸਰੂਪ ਦੇ ਕਰਵਾਏ ਜਾਣਗੇ ਦਰਸ਼ਨ : ਐਡਵੋਕੇਟ ਧਾਮੀ

ਜੂਨ 1984 ’ਚ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਦੀ ਯਾਦ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 6 ਜੂਨ ਨੂੰ ਕੀਤੇ ਜਾਣ ਵਾਲੇ ਸ਼ਹੀਦੀ ਸਮਾਗਮ ਸਮੇਂ ਇਸ ਵਾਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜ਼ਖ਼ਮੀ ਬੀੜ ਦੇ ਸੰਗਤ ਨੂੰ ਦਰਸ਼ਨ ਕਰਵਾਏ ਜਾਣਗੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨਾਲ ਸ਼ਹੀਦੀ ਸਮਾਗਮ ਨੂੰ ਲੈ ਕੇ ਇਕੱਤਰਤਾ ਕਰ ਕੇ ਇਹ ਫ਼ੈਸਲਾ ਲਿਆ ਹੈ।

ਇਕੱਤਰਤਾ ਮਗਰੋਂ ਜਾਣਕਾਰੀ ਸਾਂਝੀ ਕਰਦਿਆਂ ਐਡਵੋਕੇਟ ਧਾਮੀ ਨੇ ਦੱਸਿਆ ਹੈ ਕਿ ਘੱਲੂਘਾਰਾ ਦਿਵਸ ਸਬੰਧੀ 4 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਵੇਗਾ, ਜਿਸ ਦਾ ਭੋਗ 6 ਜੂਨ ਨੂੰ ਪਵੇਗਾ। ਘੱਲੂਘਾਰੇ ਦੌਰਾਨ ਜ਼ਖ਼ਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵੀ 6 ਜੂਨ ਨੂੰ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਵਿਖੇ ਸੰਗਤਾਂ ਦੇ ਦਰਸ਼ਨ ਲਈ ਸੁਸ਼ੋਭਿਤ ਕੀਤੇ ਜਾਣਗੇ। ਐਡਵੋਕੇਟ ਧਾਮੀ ਨੇ ਆਖਿਆ ਕਿ ਜੂਨ 1984 ਦੇ ਘੱਲੂਘਾਰੇ ਦਾ ਦਰਦ ਸਿੱਖ ਕੌਮ ਕਦੇ ਨਹੀਂ ਭੁੱਲ ਸਕਦੀ।

ਉਨ੍ਹਾਂ ਕਿਹਾ ਕਿ ਇਹ ਦਿਹਾੜਾ ਸਿੱਖ ਕੌਮ ਲਈ ਬੇਹੱਦ ਸੰਜੀਦਾ ਤੇ ਭਾਵੁਕਤਾ ਵਾਲਾ ਹੈ, ਜਿਸ ਦੀ ਭਾਵਨਾ ਅਨੁਸਾਰ ਸਿੱਖ ਕੌਮ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤਿ੍ਰੰਗ ਕਮੇਟੀ ਮੈਂਬਰ ਪਰਮਜੀਤ ਸਿੰਘ ਖ਼ਾਲਸਾ ਬਰਨਾਲਾ, ਬਾਵਾ ਸਿੰਘ ਗੁਮਾਨਪੁਰਾ, ਜਰਨੈਲ ਸਿੰਘ ਡੋਗਰਾਂਵਾਲਾ, ਬੀਬੀ ਜੋਗਿੰਦਰ ਕੌਰ, ਭਾਈ ਅਜਾਇਬ ਸਿੰਘ ਅਭਿਆਸੀ, ਸਕੱਤਰ ਪ੍ਰਤਾਪ ਸਿੰਘ, ਓਐੱਸਡੀ ਸਤਬੀਰ ਸਿੰਘ ਧਾਮੀ, ਕੁਲਵਿੰਦਰ ਸਿੰਘ ਰਮਦਾਸ, ਬਿਜੈ ਸਿੰਘ, ਗੁਰਿੰਦਰ ਸਿੰਘ ਮਥਰੇਵਾਲ, ਸਿਮਰਜੀਤ ਸਿੰਘ, ਤੇਜਿੰਦਰ ਸਿੰਘ ਪੱਡਾ, ਗੁਰਦਿਆਲ ਸਿੰਘ, ਕੁਲਦੀਪ ਸਿੰਘ ਰੋਡੇ, ਜਸਵਿੰਦਰ ਸਿੰਘ ਜੱਸੀ, ਸ਼ਾਹਬਾਜ਼ ਸਿੰਘ, ਪ੍ਰੋ. ਸੁਖਦੇਵ ਸਿੰਘ, ਪਰਮਜੀਤ ਸਿੰਘ, ਮੈਨੇਜਰ ਸਤਨਾਮ ਸਿੰਘ ਮਾਂਗਾਸਰਾਏ, ਸੁਖਰਾਜ ਸਿੰਘ, ਹਰਪ੍ਰੀਤ ਸਿੰਘ, ਜਗਤਾਰ ਸਿੰਘ ਸ਼ਹੂਰਾ, ਮਲਕੀਤ ਸਿੰਘ ਬਹਿੜਵਾਲ, ਹਰਭਜਨ ਸਿੰਘ ਵਕਤਾ, ਗੁਰਪ੍ਰੀਤ ਸਿੰਘ, ਇਕਬਾਲ ਸਿੰਘ ਮੁਖੀ, ਨਿਸ਼ਾਨ ਸਿੰਘ ਆਦਿ ਹਾਜ਼ਰ ਸਨ।

Video