ਪਾਕਿਸਤਾਨ ਦੇ ਨਾਮੀ ਪੰਜਾਬੀ ਸ਼ਾਇਰ ਤਨਵੀਰ ਬੁਖ਼ਾਰੀ ਨਹੀਂ ਰਹੇ। ਉਨ੍ਹਾਂ ਦਾ ਅਸਲੀ ਨਾਂ ਫ਼ਕੀਰ ਮੁਹੰਮਦ ਸੀ ਪਰ ਅਦਬੀ ਜਗਤ ਵਿੱਚ ਤਨਵੀਰ ਬੁਖ਼ਾਰੀ ਦੇ ਨਾਂ ਨਾਲ ਮਕਬੂਲ ਹੋਏ। ਉਨ੍ਹਾਂ ਦਾ ਜਨਮ 10 ਨਵੰਬਰ 1939 ਨੂੰ ਜ਼ਿਲ੍ਹਾ ਕਸੂਰ ਦੇ ਪਿੰਡ ਭਿਖੀਵਿੰਡ ਹਠਾੜ ਵਿਖੇ ਹੋਇਆ। ਉਨ੍ਹਾਂ ਸ਼ਾਇਰੀ ਦੇ ਨਾਲ-ਨਾਲ ਅਧਿਆਪਨ ਵੀ ਕੀਤਾ। ਉਨ੍ਹਾਂ ਦੀ ਸ਼ਾਇਰੀ ਦੀਆਂ ਕਿਤਾਬਾਂ ਵਿੱਚ ਵਿਲਕਣੀਆਂ, ਲੋਏ ਲੋਏ, ਐਸ਼ ਟਰੇ, ਪੀੜ ਦਾ ਬੂਟਾ, ਗ਼ਜ਼ਲ ਸ਼ੀਸ਼ਾ, ਤਾਜ਼ੇ ਫੁੱਲ, ਇਸ਼ਕ ਦੀਆਂ ਛੱਲਾਂ, ਗੋਰੀ ਦੀਆਂ ਝਾਂਜਰਾਂ, ਸੁਨੇਹੜੇ, ਵਾਸ਼ਨਾ, ਸੋਹਣੀ ਧਰਤੀ ਆਦਿ ਪ੍ਰਮੁੱਖ ਹਨ। ਉਨ੍ਹਾਂ ਨੇ ਸਿਰਫ਼ ਸ਼ਾਇਰੀ ਹੀ ਨਹੀਂ ਰਚੀ ਸਗੋਂ ਵਾਰਤਕ ਵੀ ਰਚੀ। ਸ਼ਬਦਕੋਸ਼ ਦੇ ਖੇਤਰ ਵਿੱਚ ਵੀ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ। ਉਨ੍ਹਾਂ ਦੇ ਫ਼ਾਨੀ ਜਹਾਨ ਤੋਂ ਰੁਖ਼ਸਤ ਹੋਣ ‘ਤੇ ਲਹਿੰਦੇ ਪੰਜਾਬ ਦੇ ਨਾਲ-ਨਾਲ ਚੜ੍ਹਦੇ ਪੰਜਾਬ ਵਿੱਚ ਵੀ ਸ਼ੋਕ ਦੀ ਲਹਿਰ ਹੈ।