ਪੰਜਾਬ ਵਿੱਚ ਹਰ ਰੋਜ਼ ਅਪਰਾਧਿਕ ਘਟਨਾਵਾਂ ਵਾਪਰ ਰਹੀਆਂ ਹਨ। ਮੁਕਤਸਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਮਲੋਟ ਦੇ ਪਿੰਡ ਬੁਰਜ ਸਿੱਧਵਾਂ ਵਿਖੇ ਬੀਤੀ ਰਾਤ ਲੁਟੇਰਿਆਂ ਨੇ ਘਰ ਵਿਚ ਵੜ ਕੇ ਇਕ ਡਾਕਟਰ ਦਾ ਕਤਲ ਕਰ ਦਿੱਤਾ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਲੁਟੇਰੇ ਘਰ ਤੋਂ ਨਕਦੀ ਲੁੱਟ ਕੇ ਫਰਾਰ ਹੋ ਗਏ ਹਨ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਮ੍ਰਿਤਕ ਡਾਕਟਰ ਦੀ ਪਛਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਤਿੰਨ ਲੁਟੇਰਿਆਂ ਨੇ ਮੂੰਹ ਬੰਨ੍ਹੇ ਹੋਏ ਸਨ ਅਤੇ ਪ੍ਰਵਾਰ ਕੋਲੋਂ 5 ਲੱਖ ਰੁਪਏ ਦੀ ਮੰਗ ਕੀਤੀ ਗਈ। ਇਸ ਮਗਰੋਂ ਉਨ੍ਹਾਂ ਨੇ ਲੋਹੇ ਦੀ ਰਾਡ ਨਾਲ ਡਾਕਟਰ ਉਤੇ ਹਮਲਾ ਕਰ ਦਿਤਾ ਅਤੇ 30 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ।ਇਸ ਮੌਕੇ ਘਰ ਵਿਚ ਸਿਰਫ਼ ਡਾਕਟਰ ਅਤੇ ਉਨ੍ਹਾਂ ਦੀ ਪਤਨੀ ਹੀ ਸਨ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦਸਿਆ ਕਿ ਡਾਕਟਰ ਦੇ ਬੱਚੇ ਵਿਦੇਸ਼ ਵਿਚ ਹਨ। ਪੁਲਿਸ ਵਲੋਂ ਘਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਗੁਆਂਢੀ ਨੇ ਦੱਸਿਆ ਕਿ ਲੁਟੇਰੇ ਪਿਛਲੀ ਕੰਧ ਟੱਪ ਕੇ ਘਰ ਅੰਦਰ ਦਾਖਲ ਹੋਏ। ਉਹ ਘਰ ਵਿੱਚ ਵੜ ਗਏ ਅਤੇ ਪਤੀ-ਪਤਨੀ ਨੂੰ ਹਥਿਆਰਾਂ ਨਾਲ ਧਮਕਾਉਂਦੇ ਹੋਏ 5 ਲੱਖ ਰੁਪਏ ਦੀ ਮੰਗ ਕੀਤੀ। ਜਦੋਂ ਮ੍ਰਿਤਕ ਅਤੇ ਉਸ ਦੀ ਪਤਨੀ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਡਾਕਟਰ ਦੇ ਸਿਰ ‘ਤੇ ਹਮਲਾ ਕਰ ਦਿੱਤਾ ਅਤੇ ਘਰ ਦੀ ਅਲਮਾਰੀ ਵਿੱਚ ਪਈ ਨਕਦੀ ਲੈ ਕੇ ਭੱਜ ਗਏ।
ਮ੍ਰਿਤਕ ਦੇ ਪੁੱਤਰ ਕੈਨੇਡਾ ਰਹਿੰਦੇ ਹਨ। ਮ੍ਰਿਤਕ ਆਪਣੀ ਪਤਨੀ ਨਾਲ ਜੱਦੀ ਪਿੰਡ ਵਿੱਚ ਰਹਿ ਰਿਹਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਮਲਾਵਰਾਂ ਨੇ ਹੈਲਮੇਟ ਅਤੇ ਮਾਸਕ ਪਹਿਨੇ ਹੋਏ ਸਨ। ਭਾਰੀ ਰਾਡ ਸਿਰ ‘ਤੇ ਮਾਰਨ ਕਰਕੇ ਉਸ ਦੀ ਮੌਤ ਹੋ ਗਈ ਹੈ। ਮ੍ਰਿਤਕ ਦਾ ਨਾਂ ਸੁਖਵਿੰਦਰ ਸਿੰਘ ਹੈ।