ਮੋਗਾ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਰਾਮਗੰਜ ਵਿਚ ਦਿਨ ਦਿਹਾੜੇ ਲੁਟੇਰਿਆਂ ਨੇ ਇਕ ਸੁਨਿਆਰੇ ਨੂੰ ਦੁਕਾਨ ਵਿਚ ਦਾਖਲ ਹੋ ਕਿ ਗੋਲ਼ੀ ਮਾਰ ਦਿੱਤੀ ਤੇ ਫਰਾਰ ਹੋ ਗਏ। ਜ਼ਖ਼ਮੀ ਸੁਨਿਆਰੇ ਨੂੰ ਐਂਬੂਲੈਂਸ ਰਾਹੀਂ ਲੁਧਿਆਣਾ ਵਿਖੇ ਲਿਜਾਇਆ ਜਾ ਰਿਹਾ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲਣ ‘ਚ ਜੁਟ ਗਈ ।
ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 2.15 ਵਜੇ ਇਕ ਇਨੋਵਾ ਕਾਰ ‘ਚ ਸਵਾਰ ਕੁਝ ਲੁਟੇਰਿਆਂ ਨੇ ਰਾਮਗੰਜ ਸਥਿਤ ਏਸ਼ੀਆ ਜਵੈਲਰਜ਼ ਨੂੰ ਸੋਨੇ ਦੇ ਗਹਿਣੇ ਦਿਖਾਉਣ ਲਈ ਕਿਹਾ। ਸੋਨਾ ਖਰੀਦਣ ਤੋਂ ਬਾਅਦ ਜਦੋਂ ਬਿੱਲ ਤਿਆਰ ਕੀਤਾ ਜਾ ਰਿਹਾ ਸੀ ਤਾਂ ਤਿੰਨ ਲੁਟੇਰਿਆਂ ਨੇ ਦੁਕਾਨ ‘ਚ ਦਾਖਲ ਹੋ ਕੇ ਬਿੱਲ ਦੇਣ ਦੀ ਬਜਾਏ ਸ਼ਾਹੂਕਾਰ ਵਿੱਕੀ ਨੂੰ ਗੋਲ਼ੀ ਮਾਰ ਦਿੱਤੀ। ਗੋਲ਼ੀ ਚੱਲਦੇ ਹੀ ਦੁਕਾਨ ‘ਚ ਹਫੜਾ-ਦਫੜੀ ਮੱਚ ਗਈ। ਮੌਕਾ ਮਿਲਦੇ ਹੀ ਲੁਟੇਰੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ।