Global News India News

ਕਿਸਾਨਾਂ ਦੀ ਗ੍ਰਿਫ਼ਤਾਰੀ ਦਾ ਪੂਰੇ ਪੰਜਾਬ ‘ਚ ਵਿਰੋਧ, ਬਠਿੰਡਾ-ਬਟਾਲਾ-ਲੁਧਿਆਣਾ ਸਣੇ ਇਨ੍ਹਾਂ ਜ਼ਿਲ੍ਹਿਆਂ ‘ਚ ਨੈਸ਼ਨਲ ਹਾਈਵੇ ਜਾਮ; ਲੋਕ ਪਰੇਸ਼ਾਨ

ਪਟਿਆਲਾ ‘ਚ ਮਰਨ ਵਰਤ ‘ਤੇ ਬੈਠੇ ਕਿਸਾਨਾਂ ਨੂੰ ਪੁਲਿਸ ਵੱਲੋਂ ਜਬਰੀ ਚੁੱਕ ਲਏ ਜਾਣ ਦਾ ਵਿਰੋਧ ਪੂਰੇ ਪੰਜਾਬ ਦੇ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ। ਬਟਾਲਾ, ਬਠਿੰਡਾ, ਬਰਨਾਲਾ, ਲੁਧਿਆਣਾ ਤੇ ਫ਼ਤਹਿਗੜ੍ਹ ਸਾਹਿਬ ‘ਚ ਕਿਸਾਨਾਂ ਨੇ ਨੈਸ਼ਨਲ ਹਾਈਵੇ ਜਾਮ ਕਰ ਦਿੱਤੇ ਹਨ ਜਿਸ ਕਾਰਨ ਲੰਮੇ ਜਾਮ ਲੱਗ ਗਏ ਹਨ। ਜਾਮ ‘ਚ ਫਸੇ ਲੋਕਾਂ ਦਾ ਗਰਮੀ ਨਾਲ ਬੁਰਾ ਹਾਲ ਹੈ।

ਬਟਾਲਾ ‘ਚ ਕਿਸਾਨਾਂ ਨੇ ਅੰਮ੍ਰਿਤਸਰ-ਪਠਾਨਕੋਟ ਹਾਈਵੇ ਜਾਮ ਕਰ ਦਿੱਤਾ ਹੈ। ਕਿਸਾਨਾਂ ਦੇ ਧਰਨੇ ਲਗਾਉਣ ਨਾਲ ਹਾਈਵੇ ‘ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਕਿਸਾਨ ਆਗੂ ਮੁਖਤਾਰ ਸਿੰਘ ਉਗਰੇਵਾਲ ਨੇ ਕਿਹਾ ਕਿ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਤੇ ਜ਼ੋਰ-ਜਬਰ ਕੀਤਾ ਗਿਆ ਹੈ ਉਸ ਨੂੰ ਲੈ ਕੇ ਇਹ ਧਰਨਾ ਲਗਾਇਆ ਗਿਆ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦੇ ਧਰਨੇ ਦੀ ਖ਼ਬਰ ਸੁਣਦਿਆਂ ਹੀ ਵੱਡੀ ਗਿਣਤੀ ਪੁਲਿਸ ਜਵਾਨ ਅਤੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਕੜਾਕੇ ਦੀ ਗਰਮੀ ਕਾਰਨ ਲੋਕ ਜਾਮ ‘ਚ ਫਸੇ ਤੇ ਭਾਰੀ ਪਰੇਸ਼ਾਨ ਹੋਏ।

ਬਠਿੰਡਾ ‘ਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ (ਡੱਲੇਵਾਲ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਯੂਨੀਅਨ ਦੀ ਮੌੜ ਇਕਾਈ ਨੇ ਮੌੜ-ਰਾਮਾਂ ਓਵਰਬ੍ਰਿਜ ’ਤੇ ਧਰਨਾ ਲਗਾ ਕੇ ਸੜਕ ਜਾਮ ਕਰ ਦਿੱਤਾ ਹੈ। ਗੋਨਿਆਣਾ ਵਿਖੇ ਚੱਲ ਰਹੇ ਕਿਸਾਨਾਂ ਦੇ ਧਰਨੇ ਕਾਰਨ ਰਾਹਗੀਰ ਪਰੇਸ਼ਾਨ ਹੋ ਰਹੇ ਹਨ।

ਬਰਨਾਲਾ ‘ਚ ਕਿਸਾਨ ਯੂਨੀਅਨ ਵੱਲੋਂ ਚੰਡੀਗੜ੍ਹ-ਬਠਿੰਡਾ ਹਾਈਵੇ ‘ਤੇ ਪੁਲਿਸ ਸਟੇਸ਼ਨ ਸਾਹਮਣੇ ਧਰਨਾ ਲਾ ਕੇ ਦੋਹਾਂ ਪਾਸਿਆਂ ਤੋਂ ਟ੍ਰੈਫਿਕ ਜਾਮ ਲਗਾ ਦਿੱਤਾ ਗਿਆ ਹੈ। ਕਿਸਾਨਾਂ ‘ਤੇ ਪਟਿਆਲਾ ‘ਚ ਹੋਈ ਕਾਰਵਾਈ ਦੇ ਵਿਰੋਧ ‘ਚ ਇਹ ਜਾਮ ਲਗਾਇਆ ਗਿਆ ਹੈ।

ਸਰਹੰਦ ‘ਚ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ ਏਕਤਾ) ਦੇ ਕੌਮੀ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੂੰ ਗ੍ਰਿਫ਼ਤਾਰ ਕਰਨ ਦੇ ਸਬੰਧ ਵਿਚ ਸਰਹਿੰਦ-ਚੰਡੀਗੜ੍ਹ ਰੋਡ ‘ਤੇ ਪਿੰਡ ਬਡਾਲੀ ਆਲਾ ਸਿੰਘ ਵਿਖੇ ਕਿਸਾਨ ਰੋਡ ਜਾਮ ਕਰ ਪ੍ਰਦਰਸ਼ਨ ਕਰ ਰਹੇ ਹਨ। ਇਸ ਮੌਕੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਪਹੁੰਚੀ ਹੋਈ ਹੈ।

ਲੁਧਿਆਣਾ-ਚੰਡੀਗੜ੍ਹ ਰੋਡ ‘ਤੇ ਨੀਲੂ ਪੁਲ ਨੇੜੇ ਬੀਕੇਯੂ ਸਿੱਧੂ ਦੇ ਕਿਸਾਨਾਂ ਨੇ ਟਰੈਕਟਰ ਟਰਾਲੀ ਲਗਾ ਕੇ ਸੜਕ ਜਾਮ ਕਰ ਦਿੱਤੀ ਤੇ ਭਾਰੀ ਰੋਸ ਪ੍ਰਦਰਸ਼ਨ ਕੀਤਾ। ਧਰਨੇ ‘ਤੇ ਬੈਠੇ ਬਲਰਾਜ ਸਿੰਘ ਨੇ ਦੱਸਿਆ ਕਿ ਪਟਿਆਲਾ ‘ਚ ਸਾਡੀ ਯੂਨੀਅਨ ਦੇ ਮਰਨ ਵਰਤ ‘ਤੇ ਬੈਠੇ ਕਿਸਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਅੱਜ ਅਸੀਂ ਮੋਰਚਾ ਲਾਉਣ ਦੇ ਵਿਰੋਧ ‘ਚ ਲੁਧਿਆਣਾ ਚੰਡੀਗੜ੍ਹ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਅਸੀਂ ਮੰਗ ਕਰਦੇ ਹਾਂ ਕਿ ਜਦੋਂ ਤਕ ਸਾਡੀ ਯੂਨੀਅਨ ਦੇ ਗ੍ਰਿਫਤਾਰ ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਵੇਗਾ, ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ।

Video