ਮਨੀਪੁਰ ਦੇ ਇੰਫਾਲ ਵਿੱਚ ਵੀਰਵਾਰ (15 ਜੂਨ) ਰਾਤ ਨੂੰ ਭੀੜ ਨੇ ਕੇਂਦਰੀ ਮੰਤਰੀ ਆਰਕੇ ਰੰਜਨ ਸਿੰਘ ਦੇ ਘਰ ਨੂੰ ਅੱਗ ਲਗਾ ਦਿੱਤੀ। ਅਧਿਕਾਰੀਆਂ ਮੁਤਾਬਕ ਘਟਨਾ ਦੇ ਸਮੇਂ ਕੇਂਦਰੀ ਮੰਤਰੀ ਘਰ ‘ਚ ਨਹੀਂ ਸਨ। ਇੰਨਾ ਹੀ ਨਹੀਂ ਸ਼ਰਾਰਤੀ ਅਨਸਰਾਂ ਨੇ ਨਿਊ ਚੈਕਆਨ ਵਿੱਚ ਦੋ ਘਰ ਵੀ ਸਾੜ ਦਿੱਤੇ। ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਤੋਂ ਪਹਿਲਾਂ 14 ਜੂਨ ਨੂੰ ਵੀ ਅਣਪਛਾਤੇ ਲੋਕਾਂ ਨੇ ਇੰਫਾਲ ਦੇ ਲਾਮਫੇਲ ਇਲਾਕੇ ‘ਚ ਮਹਿਲਾ ਮੰਤਰੀ ਨੇਮਚਾ ਕਿਪਜੇਨ ਦੀ ਸਰਕਾਰੀ ਰਿਹਾਇਸ਼ ਨੂੰ ਅੱਗ ਲਗਾ ਦਿੱਤੀ ਸੀ।
ਮਣੀਪੁਰ ‘ਚ ਹਿੰਸਾ ਲਗਾਤਾਰ ਜਾਰੀ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਮੰਗਲਵਾਰ (13 ਜੂਨ) ਨੂੰ ਉਗਰਵਾਦੀਆਂ ਵੱਲੋਂ ਕੀਤੀ ਗਈ ਅਚਾਨਕ ਗੋਲੀਬਾਰੀ ਵਿੱਚ 9 ਲੋਕਾਂ ਦੀ ਮੌਤ ਹੋ ਗਈ ਸੀ ਅਤੇ 10 ਲੋਕ ਜ਼ਖ਼ਮੀ ਹੋ ਗਏ ਸਨ। ਇਸ ਦੌਰਾਨ ਸ਼ਰਾਰਤੀ ਅਨਸਰਾਂ ਨੇ ਖਮੇਨਲੋਕ ਪਿੰਡ ਦੇ ਕਈ ਘਰਾਂ ਨੂੰ ਵੀ ਅੱਗ ਲਗਾ ਦਿੱਤੀ। ਤਾਮੇਂਗਲੋਂਗ ਜ਼ਿਲੇ ਦੇ ਗੋਬਾਜੰਗ ‘ਚ ਵੀ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਇਸ ਸਮੇਂ ਕਿਹੋ ਜਿਹੇ ਹਨ ਸੂਬੇ ਦੇ ਹਾਲਾਤ
ਮਨੀਪੁਰ ਵਿੱਚ ਇਸ ਸਮੇਂ ਸਥਿਤੀ ਬਹੁਤ ਤਣਾਅਪੂਰਨ ਬਣੀ ਹੋਈ ਹੈ। ਸੂਬੇ ਦੇ 16 ਵਿੱਚੋਂ 11 ਜ਼ਿਲ੍ਹਿਆਂ ਵਿੱਚ ਕਰਫਿਊ ਲਾਗੂ ਹੈ, ਜਦਕਿ ਇੰਟਰਨੈੱਟ ਸੇਵਾਵਾਂ ਵੀ ਬੰਦ ਹਨ। ਇੰਨਾ ਹੀ ਨਹੀਂ ਲੋਕਾਂ ਨੂੰ ਮੁੱਢਲੀਆਂ ਲੋੜਾਂ ਲਈ ਵੀ ਸੰਘਰਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਨੀਪੁਰ ਵਿੱਚ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਹਿੰਸਾ ਪ੍ਰਭਾਵਿਤ ਮਨੀਪੁਰ ਵਿੱਚ ਸ਼ਾਂਤੀ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਸਾਰੀਆਂ ਕੋਸ਼ਿਸ਼ਾਂ ਅਸਫਲ ਹੁੰਦੀਆਂ ਨਜ਼ਰ ਆ ਰਹੀਆਂ ਹਨ। ਪੀਟੀਆਈ ਦੇ ਅਨੁਸਾਰ, ਇੱਕ ਮਹੀਨਾ ਪਹਿਲਾਂ ਮਨੀਪੁਰ ਵਿੱਚ ਮੇਤੇਈ ਅਤੇ ਕੁਕੀ ਭਾਈਚਾਰਿਆਂ ਦਰਮਿਆਨ ਹਿੰਸਾ ਵਿੱਚ 100 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ 310 ਹੋਰ ਜ਼ਖਮੀ ਹੋਏ ਸਨ। ਸੂਬੇ ਵਿੱਚ ਸ਼ਾਂਤੀ ਬਹਾਲ ਕਰਨ ਲਈ ਫੌਜ ਅਤੇ ਨੀਮ ਫੌਜੀ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।