Global News India News

ਹਿਮਾਚਲ ‘ਚ ਮੀਂਹ ਕਾਰਨ ਤਬਾਹੀ, ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇਅ ਅਜੇ ਵੀ ਬੰਦ, ਵੱਡੀ ਗਿਣਤੀ ਲੋਕ ਫਸੇ

ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਸੂਬੇ ਦੇ ਸੋਲਨ ਅਤੇ ਹਮੀਰਪੁਰ ਜ਼ਿਲ੍ਹਿਆਂ ਵਿੱਚ ਬੱਦਲ ਫਟਣ ਕਾਰਨ ਆਏ ਹੜ੍ਹਾਂ ਅਤੇ ਸ਼ਿਮਲਾ, ਮੰਡੀ ਅਤੇ ਕੁੱਲੂ ਵਿੱਚ ਭਾਰੀ ਮੀਂਹ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ, ਜਦਕਿ ਫ਼ਸਲਾਂ ਤਬਾਹ ਹੋ ਗਈਆਂ ਹਨ।

ਸੂਬੇ ਵਿੱਚ ਕਈ ਥਾਈਂ ਮਕਾਨ ਅਤੇ ਵਾਹਨ ਪਾਣੀ ਵਿਚ ਰੁੜ੍ਹ ਗਏ। ਹਿਮਾਚਲ ਦੇ ਸ਼ਿਮਲਾ ‘ਚ ਕਈ ਇਲਾਕਿਆਂ ‘ਚ ਢਿੱਗਾਂ ਡਿੱਗੀਆਂ ਹਨ। ਕਈ ਥਾਵਾਂ ‘ਤੇ ਕਾਰਾਂ ਮਲਬੇ ਹੇਠ ਦੱਬ ਗਈਆਂ। ਮੰਡੀ ‘ਚ ਇੰਨੀ ਜ਼ਿਆਦਾ ਬਾਰਸ਼ ਹੋਈ ਕਿ ਸ਼ਹਿਰ ਜਲ-ਥਲ ਹੋ ਗਿਆ ਹੈ।

ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇਅ ਅਜੇ ਵੀ ਬੰਦ ਹੈ। ਮਲਬਾ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਪਰ ਇਸ ਨੂੰ ਬਹਾਲ ਕਰਨ ਵਿੱਚ ਸਮਾਂ ਲੱਗੇਗਾ। ਮੰਡੀ ਤੋਂ ਕੁੱਲੂ ਵਾਇਆ ਕਟੌਲਾ ਜਾਣ ਵਾਲੀ ਸੜਕ ਬੰਦ ਪਈ ਹੈ, ਇਸ ਨੂੰ ਖੋਲ੍ਹਣ ਦਾ ਕੰਮ ਵੀ ਚੱਲ ਰਿਹਾ ਹੈ।

ਸੂਬਾ ਐਮਰਜੈਂਸੀ ਅਪਰੇਸ਼ਨ ਕੇਂਦਰ ਅਨੁਸਾਰ ਹਮੀਰਪੁਰ ਅਤੇ ਸ਼ਿਮਲਾ ਜ਼ਿਲ੍ਹੇ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋ ਗਈ। ਮੀਂਹ ਕਾਰਨ 11 ਮਕਾਨ ਅਤੇ ਵਾਹਨਾਂ ਸਮੇਤ ਚਾਰ ਗਊਆਂ ਦੇ ਸ਼ੈੱਡ ਪਾਣੀ ਵਿੱਚ ਰੁੜ੍ਹ ਗਏ। ਸੂਬੇ ਵਿੱਚ ਪਿਛਲੇ ਚੌਵੀਂ ਘੰਟਿਆਂ ਦੌਰਾਨ 78 ਲੱਖ ਤੋਂ ਵੱਧ ਦਾ ਮਾਲੀ ਨੁਕਸਾਨ ਹੋਇਆ ਹੈ।

ਲਾਹੌਲ ਅਤੇ ਸਪਿਤੀ ਵਿੱਚ ਤਿੰਨ ਮਕਾਨ ਤਬਾਹ ਹੋ ਗਏ, ਜਦਕਿ ਹਮੀਰਪੁਰ ਵਿੱਚ ਪੰਜ, ਸੋਲਨ ਵਿੱਚ ਦੋ ਅਤੇ ਮੰਡੀ ਵਿੱਚ ਇੱਕ ਮਕਾਨ ਪਾਣੀ ਵਿੱਚ ਰੁੜ੍ਹ ਗਿਆ। ਕੁੱਲੂ ਵਿੱਚ ਅੱਠ ਵਾਹਨ ਨੁਕਸਾਨੇ ਗਏ, ਜਦਕਿ ਲਾਹੌਲ ਅਤੇ ਸਪਿਤੀ ਵਿੱਚ ਦੋ ਤੇ ਸਿਰਮੌਰ ਵਿੱਚ ਇੱਕ ਵਾਹਨ ਰੁੜ੍ਹ ਗਿਆ। ਸੂਬੇ ਵਿੱਚ ਵੱਡੀ ਗਿਣਤੀ ’ਚ ਦਰੱਖਤ ਟੁੱਟਣ ਅਤੇ ਢਿੱਗਾਂ ਡਿੱਗਣ ਕਾਰਨ 126 ਸੜਕਾਂ ’ਤੇ ਆਵਾਜਾਈ ਠੱਪ ਹੋ ਗਈ ਹੈ, ਜਿਨ੍ਹਾਂ ਵਿੱਚ ਕੌਮੀ ਮਾਰਗ ਵੀ ਸ਼ਾਮਲ ਹਨ।

ਚੰਬਾ ਜ਼ਿਲ੍ਹੇ ਦੇ ਚੋਵਾੜੀ ਨੇੜੇ ਢਿੱਗਾਂ ਡਿੱਗਣ ਕਾਰਨ 40 ਵਾਹਨ ਵਿੱਚ ਸਵਾਰ 100 ਦੇ ਕਰੀਬ ਲੋਕ ਉੱਥੇ ਫਸ ਗਏ ਹਨ।

Video