ਦਿੱਲੀ ਦੀ ਇਕ ਅਦਾਲਤ ਨੇ ਸੀਬੀਆਈ ਨੂੰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀ ਆਵਾਜ਼ ਦੇ ਨਮੂਨੇ ਦੀ ਫੋਰੈਂਸਿਕ ਰਿਪੋਰਟ ਪੰਜ ਦਿਨਾਂ ’ਚ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ। ਟਾਈਟਲਰ 1984 ਦੇ ਸਿੱਖ ਵਿਰੋਧੀ ਦੰਗਿਆਂ ’ਚ ਮੁਲਜ਼ਮ ਹੈ। ਐਡੀਸ਼ਨਲ ਚੀਫ ਮੈਟਰੋਪੋਲਿਟਨ ਮੈਜਿਸਟ੍ਰੇਟ ਵਿਧੀ ਗੁਪਤਾ ਆਨੰਦ ਨੇ ਮਾਮਲੇ ਦੀ ਸੁਣਵਾਈ 26 ਜੁਲਾਈ ਤੱਕ ਮੁਲਤਵੀ ਕਰ ਦਿੱਤੀ।
ਜੱਜ ਨੇ ਇਹ ਆਦੇਸ਼ ਉਸ ਸਮੇਂ ਦਿੱਤਾ ਜਦੋਂ ਸੀਬੀਆਈ ਨੇ ਕਿਹਾ ਕਿ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਸੀਬੀਆਈ ਨੇ 20 ਮਈ ਨੂੰ ਮਾਮਲੇ ’ਚ ਚਾਰਜਸ਼ੀਟ ਦਾਖ਼ਲ ਕੀਤੀ ਸੀ। ਪੁਲ ਬੰਗਸ਼ ਇਲਾਕੇ ’ਚ ਇਕ ਨਵੰਬਰ 1984 ਨੂੰ ਇਕ ਗੁਰਦੁਆਰੇ ’ਚ ਅੱਗ ਲਗਾ ਦਿੱਤੀ ਗਈ ਸੀ ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।
ਸੀਬੀਆਈ ਨੇ ਆਪਣੀ ਚਾਰਜਸ਼ੀਟ ’ਚ ਕਿਹਾ ਸੀ ਕਿ ਟਾਈਟਲਰ ਨੇ ਭੀੜ ਨੂੰ ਉਕਸਾਇਆ ਤੇ ਭੜਕਾਇਆ ਸੀ ਜਿਸ ਮਗਰੋਂ ਇਹ ਘਟਨਾ ਵਾਪਰੀ।