International News

ਅਫਗਾਨਿਸਤਾਨ ‘ਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਨੇ ਮਚਾਈ ਤਬਾਹੀ, ਹੁਣ ਤੱਕ 31 ਦੀ ਮੌਤ, 40 ਤੋਂ ਵੱਧ ਲਾਪਤਾ

ਮੱਧ ਅਫਗਾਨਿਸਤਾਨ ‘ਚ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹਾਂ ਕਾਰਨ ਹੁਣ ਤੱਕ 31 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 40 ਤੋਂ ਵੱਧ ਲੋਕ ਲਾਪਤਾ ਹਨ। ਏਐਫਪੀ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਤਾਲਿਬਾਨ ਦੇ ਆਫਤ ਪ੍ਰਬੰਧਨ ਮੰਤਰਾਲੇ ਦੇ ਬੁਲਾਰੇ ਸ਼ਫੀਉੱਲ੍ਹਾ ਰਹੀਮੀ ਨੇ ਐਤਵਾਰ ਨੂੰ ਕਿਹਾ ਕਿ 74 ਲੋਕ ਜ਼ਖਮੀ ਹੋਏ ਹਨ ਅਤੇ ਘੱਟੋ-ਘੱਟ 41 ਲਾਪਤਾ ਹਨ।

ਹੜ੍ਹ ਪ੍ਰਭਾਵਿਤ ਲੋਕਾਂ ਨੂੰ ਬਚਾਉਣ ਦਾ ਕੰਮ ਜਾਰੀ

ਆਫ਼ਤ ਪ੍ਰਬੰਧਨ ਮੰਤਰਾਲੇ ਦੇ ਬੁਲਾਰੇ ਨੇ ਕਿਹਾ, “ਰੱਖਿਆ ਮੰਤਰਾਲੇ, ਲੋਕ ਭਲਾਈ ਮੰਤਰਾਲੇ, ਰੈੱਡ ਕ੍ਰੀਸੈਂਟ, ਸੂਬਾਈ ਅਧਿਕਾਰੀਆਂ ਅਤੇ ਹੋਰ ਅਧਿਕਾਰੀਆਂ ਦੀਆਂ ਟੀਮਾਂ ਦੇ ਨਾਲ ਮੰਤਰਾਲੇ ਦੀਆਂ ਟੀਮਾਂ ਹੜ੍ਹ ਵਾਲੀਆਂ ਥਾਵਾਂ ‘ਤੇ ਪਹੁੰਚੀਆਂ ਅਤੇ ਬਚਾਅ ਕਾਰਜ ਕੀਤੇ।

ਤਾਲਿਬਾਨ ਦੇ ਆਫ਼ਤ ਪ੍ਰਬੰਧਨ ਰਾਜ ਮੰਤਰਾਲੇ ਨੇ ਵੀ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ 2023 ਦੀ ਸ਼ੁਰੂਆਤ ਤੋਂ ਲੈ ਕੇ, ਵੱਖ-ਵੱਖ ਸੂਬਿਆਂ ਵਿੱਚ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਲਗਪਗ 1,00,000 ਪਰਿਵਾਰਾਂ ਨੂੰ ਭੋਜਨ ਅਤੇ ਨਕਦ ਸਹਾਇਤਾ ਮਿਲੀ ਹੈ।

ਇਸ ਵਿਚ ਕਿਹਾ ਗਿਆ ਹੈ ਕਿ ਪਿਛਲੇ ਚਾਰ ਮਹੀਨਿਆਂ ਵਿਚ ਕੁਦਰਤੀ ਆਫ਼ਤਾਂ ਵਿਚ ਘੱਟੋ-ਘੱਟ 214 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਵਿਚ ਹੜ੍ਹ ਨਾਲ ਸਬੰਧਤ ਤਾਜ਼ਾ ਮੌਤਾਂ ਵੀ ਸ਼ਾਮਲ ਹਨ।

Video