ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਪਾਰਟੀ ਪ੍ਰਧਾਨ ਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਸੱਜਾ ਹੱਥ ਮੰਨੇ ਜਾਂਦੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਮਾਨ ਤੋਂ ਦੂਰੀ ਬਣਾ ਕੇ ਵੱਖਰੀ ਪਾਰਟੀ ਦਾ ਗਠਨ ਕਰ ਦਿੱਤਾ ਹੈ। ਉਨ੍ਹਾਂ ਬੁੱਧਵਾਰ ਨੂੰ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫਤਿਹ) ਦੇ ਗਠਨ ਦਾ ਐਲਾਨ ਕੀਤਾ। ਉਨ੍ਹਾਂ ਨੇ ਪੰਜਾਬ ਵਿੱਚ ਆਉਣ ਵਾਲੀਆਂ ਹਰੇਕ ਚੋਣਾਂ ਦੋਰਾਨ ਪਾਰਟੀ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕੀਤਾ ਹੈ।
ਉਨ੍ਹਾਂ ਨੇ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰਾਂ ਦੇ ਨਾਵਾਂ ਦਾ ਵੀ ਐਲਾਨ ਕਰ ਦਿੱਤਾ ਹੈ। ਉਕਤ ਕਮੇਟੀ ਵਿਚ ਪਾਰਟੀ ਦੇ 25 ਅਧਿਕਾਰੀ ਸ਼ਾਮਲ ਕੀਤੇ ਗਏ ਹਨ।
ਇਨ੍ਹਾਂ ਵਿੱਚ ਜਸਵੰਤ ਸਿੰਘ ਚੀਮਾ, ਨਵਨੀਤ ਕੁਮਾਰ ਗੋਪੀ, ਲਖਬੀਰ ਸਿੰਘ ਸ਼ੰਟੀ, ਸੁਖਚੈਨ ਸਿੰਘ, ਮੱਖਣ ਸਿੰਘ ਪਟਿਆਲਾ, ਚੰਦ ਮੁਹੰਮਦ, ਦਰਸ਼ਨ ਸਿੰਘ, ਅੰਮ੍ਰਿਤਪਾਲ ਸਿੰਘ ਲੌਂਗੋਵਾਲ, ਪ੍ਰਗਟ ਸਿੰਘ ਸੰਧੂ, ਬਲਜਿੰਦਰ ਸਿੰਘ, ਇਕਬਾਲ ਸਿੰਘ ਜੋਧਪੁਰੀ ਆਦਿ ਸ਼ਾਮਲ ਹਨ।
ਜਸਕਰਨ ਸਿੰਘ ਨੇ ਕਿਹਾ ਕਿ ਮਾਨ ਨੇ ਪੰਥ ਵਿਰੋਧੀ ਜਥੇਬੰਦੀਆਂ ਦੇ ਨੁਮਾਇੰਦਿਆਂ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਉਂਦਿਆਂ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਅਨੁਸ਼ਾਸਨੀ ਕਾਰਵਾਈ ਦਾ ਸੰਕੇਤ ਦਿੱਤਾ ਸੀ। ਉਹ ਮਾਨ ਨਾਲ 1978 ਤੋਂ ਜੁੜੇ ਹੋਏ ਸਨ। ਮਾਨ ਨੇ ਪਾਰਟੀ ਵਰਕਰਾਂ ਨੂੰ ਬਿਨਾਂ ਕਾਰਨ ਨੋਟਿਸ ਜਾਰੀ ਕਰ ਦਿੱਤਾ। ਜਸਕਰਨ ਸਿੰਘ ਨੇ ਕਿਹਾ ਕਿ ਇਸ ਦਾ ਕੋਈ ਜਵਾਬ ਦੇਣ ਦੀ ਬਜਾਏ ਉਨ੍ਹਾਂ ਪਾਰਟੀ ਅਹੁਦੇ ਤੋਂ ਅਸਤੀਫਾ ਦੇਣਾ ਹੀ ਮੁਨਾਸਿਬ ਸਮਝਿਆ।
ਉਨ੍ਹਾਂ ਕਿਹਾ ਕਿ ਪੀਏਸੀ ਕਮੇਟੀ ਦੇ ਸਾਰੇ ਮੈਂਬਰ ਜਲਦੀ ਹੀ ਪੰਥਕ ਏਜੰਡਾ ਤਿਆਰ ਕਰਨਗੇ। ਸੂਚਨਾ ਕੇਂਦਰ ਵਿਖੇ ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ ਨੇ ਜਸਕਰਨ ਸਿੰਘ ਤੇ ਹੋਰਨਾਂ ਨੂੰ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਵੀ ਕੀਤਾ।