ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਇਸ ਕਤਲ ਕੇਸ ਦਾ ਮਾਸਟਰਮਾਈਂਡ ਗੈਂਗਸਟਰ ਸਚਿਨ ਫੜਿਆ ਗਿਆ ਹੈ। ਦੁਬਈ ਪੁਲਿਸ ਨੇ ਉਸ ਨੂੰ ਅਜ਼ਰਬਾਈਜਾਨ ਤੋਂ ਗ੍ਰਿਫਤਾਰ ਕੀਤਾ ਹੈ। ਉਸ ਨੂੰ ਵਿਦੇਸ਼ ਤੋਂ ਭਾਰਤ ਲਿਆਂਦਾ ਜਾ ਰਿਹਾ ਹੈ। ਸੁਰੱਖਿਆ ਏਜੰਸੀਆਂ ਦੀਆਂ ਰਿਪੋਰਟਾਂ ਮੁਤਾਬਕ ਇੱਕ ਟੀਮ ਅਜ਼ਰਬਾਈਜਾਨ ਗਈ ਹੈ।
ਦਰਅਸਲ ਸਚਿਨ ਹੀ ਮੂਸੇਵਾਲਾ ਕਤਲ ਕਾਂਡ ਦਾ ਮਾਸਟਰ ਮਾਈਂਡ ਸੀ। ਦਿੱਲੀ ਪੁਲਿਸ ਅਨੁਸਾਰ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰ ਮਾਈਂਡ ਸਚਿਨ ਨੇ ਕੈਨੇਡਾ ‘ਚ ਗੈਂਗ ਚਲਾਉਣ ਵਾਲੇ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ, ਤਿਹਾੜ ਜੇਲ੍ਹ ‘ਚ ਬੰਦ ਕਾਲਾ ਜਠੇੜੀ ਤੇ ਲਾਰੈਂਸ ਬਿਸ਼ਨੋਈ ਨਾਲ ਕੋਡ ਵਰਡ ਵਿੱਚ ਗੱਲਬਾਤ ਕਰਕੇ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ।
ਪੁਲਿਸ ਸੂਤਰਾਂ ਮੁਤਾਬਕ ਖੁਫੀਆ ਏਜੰਸੀਆਂ ਨੂੰ ਬਹੁਤਾ ਸ਼ੱਕ ਨਾ ਹੋਏ ਇਸ ਲਈ ਸਚਿਨ ਫੋਨ ‘ਤੇ ਗੱਲ ਕਰਦੇ ਹੋਏ ਗੈਂਗਸਟਰ ਗੋਲਡੀ ਬਰਾੜ ਨੂੰ ‘ਡਾਕਟਰ’ ਕਹਿ ਕੇ ਬੁਲਾਉਂਦਾ ਸੀ। ਇਸੇ ਤਰ੍ਹਾਂ ਉਹ ਗੈਂਗਸਟਰ ਕਾਲਾ ਜਠੇੜੀ ਨੂੰ ‘ਅਲਫਾ’ ਕਹਿ ਕੇ ਬੁਲਾਉਂਦਾ ਸੀ। ਉਹ ਆਪਣੇ ਗੁਰਗਿਆਂ ਰਾਹੀਂ ਲਾਰੈਂਸ ਬਿਸ਼ਨੋਈ ਨਾਲ ਗੱਲ ਕਰਦਾ ਸੀ।
ਦੱਸ ਦਈਏ ਕਿ ਪੰਜਾਬ ਤੇ ਦਿੱਲੀ ਪੁਲਿਸ ਨੂੰ ਗੁੰਮਰਾਹ ਕਰਨ ਲਈ ਸਚਿਨ ਨੇ ਖੁਦ ਹੀ ਸੋਸ਼ਲ ਮੀਡੀਆ ‘ਤੇ ਅਫਵਾਹ ਫੈਲਾਈ ਕਿ ਉਸ ਨੇ ਖੁਦ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਸਚਿਨ ਨੇ ਅਜਿਹਾ ਪੰਜਾਬ ਤੇ ਦਿੱਲੀ ਪੁਲਿਸ ਨੂੰ ਉਲਝਾਉਣ ਲਈ ਕੀਤਾ ਸੀ, ਜਦਕਿ ਉਹ ਇਸ ਕਤਲ ਤੋਂ ਪਹਿਲਾਂ 21 ਅਪ੍ਰੈਲ 2022 ਨੂੰ ਵਿਦੇਸ਼ ਭੱਜ ਗਿਆ ਸੀ।
ਪੁਲਿਸ ਸੂਤਰਾਂ ਮੁਤਾਬਕ ਗੈਂਗਸਟਰ ਸਚਿਨ ਦਾ ਫਰਜ਼ੀ ਪਾਸਪੋਰਟ ਦਿੱਲੀ ਦੇ ਸੰਗਮ ਵਿਹਾਰ ਇਲਾਕੇ ਦੇ ਇੱਕ ਪਤੇ ‘ਤੇ ਬਣਿਆ ਸੀ। ਇਸ ਫਰਜ਼ੀ ਪਾਸਪੋਰਟ ‘ਤੇ ਸਚਿਨ ਦਾ ਫਰਜ਼ੀ ਨਾਂ ਤਿਲਕ ਰਾਜ ਟੁਟੇਜਾ ਲਿਖਿਆ ਹੋਇਆ ਸੀ। ਏਜੰਸੀਆਂ ਨੂੰ ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਪੁਲਿਸ ਨੇ ਜਾਅਲੀ ਪਾਸਪੋਰਟ ਬਣਾਉਣ ਵਾਲੇ ਗੈਂਗਸਟਰਾਂ ਦੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ। ਮਾਮਲੇ ‘ਚ ਪੁਲਿਸ ਨੇ ਔਰਤ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।