ਪਾਕਿਸਤਾਨ ਦੇ ਖੈਬਰ ਪਖਤੂਨਖਵਾ ‘ਚ ਕੱਟੜਪੰਥੀ ਇਸਲਾਮਿਕ ਸਿਆਸੀ ਪਾਰਟੀ ਦੀ ਬੈਠਕ ‘ਤੇ ਆਤਮਘਾਤੀ ਹਮਲੇ ਦਾ ਕਾਰਨ ਸਾਹਮਣੇ ਆਇਆ ਹੈ। ਇਸ ਆਤਮਘਾਤੀ ਹਮਲੇ ‘ਚ ਘੱਟੋ-ਘੱਟ 44 ਲੋਕ ਮਾਰੇ ਗਏ ਹਨ ਅਤੇ 100 ਤੋਂ ਵੱਧ ਜ਼ਖ਼ਮੀ ਹੋਏ ਹਨ।
ਸੋਮਵਾਰ ਨੂੰ ਪੁਲਿਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਹਮਲੇ ਪਿੱਛੇ ਖ਼ਤਰਨਾਕ ਅੱਤਵਾਦੀ ਸੰਗਠਨ ISIS ਦਾ ਹੱਥ ਹੈ। ਇਹ ਹਮਲਾ ਐਤਵਾਰ ਨੂੰ ਉਸ ਸਮੇਂ ਹੋਇਆ ਜਦੋਂ ਕੱਟੜਪੰਥੀ ਜਮੀਅਤ ਉਲੇਮਾ ਇਸਲਾਮ-ਫਜ਼ਲ (JUI-F) ਪਾਰਟੀ ਦੇ 400 ਤੋਂ ਵੱਧ ਮੈਂਬਰ ਰੈਲੀ ਕਰ ਰਹੇ ਸਨ।
ਪੁਲਿਸ ਘਟਨਾ ਸਥਾਨ ਦੀ ਕਰ ਰਹੀ ਹੈ ਜਾਂਚ
ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹ ਬਾਜੌਰ ਆਤਮਘਾਤੀ ਹਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਾਣਕਾਰੀ ਇਕੱਠੀ ਕਰ ਰਹੇ ਹਨ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਪਾਬੰਦੀਸ਼ੁਦਾ ਸੰਗਠਨ ਦਾਏਸ਼ (ਆਈਐਸਆਈਐਸ) ਸ਼ਾਮਲ ਸੀ। ਪੁਲਿਸ ਨੇ ਕਿਹਾ ਕਿ ਉਹ ਹਮਲਾਵਰ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਨ, ਜਦਕਿ ਬੰਬ ਨਿਰੋਧਕ ਦਸਤੇ ਦੀ ਟੀਮ ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰ ਰਹੀ ਹੈ।
ਜ਼ਿਲ੍ਹਾ ਪੁਲਿਸ ਅਧਿਕਾਰੀ ਨਜ਼ੀਰ ਖਾਨ ਨੇ ਦੱਸਿਆ ਕਿ ਤਿੰਨ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸੂਬਾਈ ਪੁਲਸ ਮੁਖੀ ਅਖਤਰ ਹਯਾਤ ਖਾਨ ਨੇ ਦੱਸਿਆ ਕਿ ਆਤਮਘਾਤੀ ਹਮਲਾਵਰ ਨੇ ਧਮਾਕੇ ‘ਚ 10 ਕਿਲੋਗ੍ਰਾਮ ਵਿਸਫੋਟਕ ਦੀ ਵਰਤੋਂ ਕੀਤੀ ਸੀ। ਉਨ੍ਹਾਂ ਕਿਹਾ ਕਿ ਹਮਲਾਵਰ ਰੈਲੀ ਦੀ ਭੀੜ ਦੇ ਸਭ ਤੋਂ ਅੱਗੇ ਬੈਠੇ ਸਨ। ਇਸ ਲਈ ਹਮਲਾਵਰ ਨੇ ਕਾਨਫਰੰਸ ਸਟੇਜ ਦੇ ਸਾਹਮਣੇ ਧਮਾਕਾ ਕਰ ਦਿੱਤਾ।
ਹਮਲੇ ਵਿਚ 44 ਲੋਕਾਂ ਦੀ ਮੌਤ
ਪੁਲਿਸ ਅਤੇ ਚਸ਼ਮਦੀਦਾਂ ਅਨੁਸਾਰ ਹਮਲਾਵਰਾਂ ਨੇ ਜੇਯੂਆਈ-ਐਫ ਦੇ ਜ਼ਿਲ੍ਹਾ ਅਮੀਰ ਮੌਲਾਨਾ ਅਬਦੁਲ ਰਸ਼ੀਦ ਦੇ ਸਟੇਜ ‘ਤੇ ਪਹੁੰਚਦੇ ਹੀ ਧਮਾਕਾ ਕਰ ਦਿੱਤਾ। ਮਰਨ ਵਾਲਿਆਂ ਵਿੱਚ ਜੇਯੂਆਈ-ਐਫ ਤਹਿਸੀਲ ਖਾਰ ਮੌਲਾਨਾ ਜ਼ਿਆਉੱਲਾ ਜਾਨ, ਨਵਗਈ ਤਹਿਸੀਲ ਦੇ ਜਨਰਲ ਸਕੱਤਰ ਮੌਲਾਨਾ ਹਮੀਦੁੱਲਾ, ਜ਼ਿਲ੍ਹਾ ਸੂਚਨਾ ਸਕੱਤਰ ਮੁਜਾਹਿਦ ਖਾਨ ਅਤੇ ਪਾਰਟੀ ਦੇ ਦਰਜਨਾਂ ਵਰਕਰ ਸ਼ਾਮਲ ਹਨ।
ਖੈਬਰ-ਪਖਤੂਨਖਵਾ (ਕੇਪੀ) ਦੇ ਕਾਰਜਕਾਰੀ ਸਿਹਤ ਮੰਤਰੀ ਰਿਆਜ਼ ਅਨਵਰ ਨੇ ਐਤਵਾਰ ਰਾਤ ਨੂੰ ਕਿਹਾ ਕਿ ਹਮਲੇ ‘ਚ 44 ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ 100 ਤੋਂ ਵੱਧ ਲੋਕ ਜ਼ਖਮੀ ਹੋਏ ਹਨ।
ਇਹ ਹਮਲਾ ਐਤਵਾਰ ਨੂੰ ਉਸ ਸਮੇਂ ਹੋਇਆ ਜਦੋਂ ਕੱਟੜਪੰਥੀ ਜਮੀਅਤ ਉਲੇਮਾ ਇਸਲਾਮ-ਫਜ਼ਲ (ਜੇਯੂਆਈ-ਐੱਫ) ਪਾਰਟੀ ਦੇ 400 ਤੋਂ ਵੱਧ ਮੈਂਬਰ ਖਾਰ ਸ਼ਹਿਰ ਵਿੱਚ ਇੱਕ ਛੱਤਰੀ ਹੇਠ ਮੀਟਿੰਗ ਲਈ ਇਕੱਠੇ ਹੋਏ ਸਨ।
150 ਤੋਂ ਵੱਧ ਲੋਕ ਜ਼ਖ਼ਮੀ
ਹਮਲੇ ਤੋਂ ਬਾਅਦ ਬਾਜੌਰ ਅਤੇ ਆਸਪਾਸ ਦੇ ਹਸਪਤਾਲਾਂ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ। ਹਮਲੇ ‘ਚ ਗੰਭੀਰ ਜ਼ਖਮੀ ਹੋਏ ਲੋਕਾਂ ਨੂੰ ਬਾਜੌਰ ਤੋਂ ਫੌਜੀ ਹੈਲੀਕਾਪਟਰਾਂ ਰਾਹੀਂ ਸੂਬਾਈ ਰਾਜਧਾਨੀ ਪੇਸ਼ਾਵਰ ਦੇ ਹਸਪਤਾਲਾਂ ‘ਚ ਲਿਜਾਇਆ ਜਾ ਰਿਹਾ ਹੈ। ਬਾਜੌਰ ਦੇ ਜ਼ਿਲ੍ਹਾ ਸਿਹਤ ਅਫ਼ਸਰ ਡਾ: ਫੈਜ਼ਲ ਕਮਾਲ ਨੇ ਦੱਸਿਆ ਕਿ 150 ਤੋਂ ਵੱਧ ਜ਼ਖ਼ਮੀਆਂ ਨੂੰ ਬਾਜੌਰ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਲਿਆਂਦਾ ਗਿਆ ਹੈ |
ਡਾਨ ਅਖਬਾਰ ਦੇ ਅਨੁਸਾਰ, “35 ਤੋਂ ਵੱਧ ਲੋਕਾਂ ਨੂੰ ਤਿਮਰਗੜ੍ਹ ਹਸਪਤਾਲ ਰੈਫਰ ਕੀਤਾ ਗਿਆ ਹੈ, ਜਦੋਂ ਕਿ 15 ਗੰਭੀਰ ਜ਼ਖਮੀਆਂ ਨੂੰ ਪਾਕਿਸਤਾਨੀ ਫੌਜ ਦੇ ਹੈਲੀਕਾਪਟਰ ਦੁਆਰਾ ਪੇਸ਼ਾਵਰ ਭੇਜਿਆ ਗਿਆ ਹੈ।” ਬਚਾਅ ਕਰਮਚਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ, ਕਿਉਂਕਿ 15 ਲੋਕਾਂ ਦੀ ਹਾਲਤ ਗੰਭੀਰ ਹੈ।
ਪ੍ਰਧਾਨ ਮੰਤਰੀ ਨੇ ਹਮਲੇ ਦੀ ਕੀਤੀ ਨਿੰਦਾ
ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਧਮਾਕੇ ਦੀ ਸਖ਼ਤ ਨਿੰਦਾ ਕੀਤੀ ਅਤੇ ਸਹੁੰ ਖਾਧੀ ਕਿ ਜ਼ਿੰਮੇਵਾਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਟਵੀਟ ਕੀਤਾ, “ਪਾਕਿਸਤਾਨ ਦੀ ਕੌਮ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਸਾਡੇ ਰਖਿਅਕ ਦੁਸ਼ਮਣ ਦੀਆਂ ਅਜਿਹੀਆਂ ਕਾਇਰਾਨਾ ਚਾਲਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ।”
ਸ਼ਰੀਫ ਨੇ ਸੰਵੇਦਨਾ ਜ਼ਾਹਰ ਕਰਨ ਲਈ JUI-F ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨਾਲ ਗੱਲ ਕੀਤੀ। ਉਸਨੇ ਕਿਹਾ, “ਅਸੀਂ ਤੁਹਾਡੇ ਦੁੱਖ ਵਿੱਚ ਬਰਾਬਰ ਦੇ ਭਾਈਵਾਲ ਹਾਂ। ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ ਅਤੇ ਅੱਤਵਾਦ ਨੂੰ ਖਤਮ ਕਰਨਾ ਪੂਰੇ ਦੇਸ਼ ਦੀ ਵਚਨਬੱਧਤਾ ਹੈ।” ਉਨ੍ਹਾਂ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਵਿਛੜੀਆਂ ਰੂਹਾਂ ਲਈ ਪ੍ਰਾਰਥਨਾ ਕੀਤੀ ਅਤੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਿਆਂ ਉਨ੍ਹਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ ‘ਤੇ ਜ਼ੋਰ ਦਿੱਤਾ।