ਪਹਿਲਾਂ ਤੋਂ ਹੀ ਮਹਿੰਗਾਈ ਤੋਂ ਪਰੇਸ਼ਾਨ ਪਾਕਿਸਤਾਨ ਦੀ ਜਨਤਾ ’ਤੇ ਸਰਕਾਰ ਨੇ ਇਕ ਹੋਰ ਬੋਝ ਪਾ ਦਿੱਤਾ ਹੈ। ਵਧਦੀ ਮਹਿੰਗਾਈ ਦਰਮਿਆਨ ਵਿੱਤ ਮੰਤਰੀ ਇਸ਼ਾਕ ਡਾਰ ਨੇ ਮੰਗਲਵਾਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਦਾ ਐਲਾਨ ਕੀਤਾ।
ਪੈਟਰੋਲ ਦੀਆਂ ਕੀਮਤਾਂ ’ਚ 19.95 ਪਾਕਿਸਤਾਨੀ ਰੁਪਏ ਦੇ ਵਾਧੇ ਤੋਂ ਬਾਅਦ 253 ਰੁਪਏ (ਪਾਕਿਸਤਾਨੀ) ਪ੍ਰਤੀ ਲੀਟਰ ਮਿਲ ਰਿਹਾ ਪੈਟਰੋਲ ਹੁਣ 272.95 ਰੁਪਏ (ਪਾਕਿਸਤਾਨੀ) ਪ੍ਰਤੀ ਲੀਟਰ ਮਿਲੇਗਾ। ਉੱਧਰ, ਡੀਜ਼ਲ ਪਹਿਲਾਂ 253.50 ਰੁਪਏ (ਪਾਕਿਸਤਾਨੀ) ਪ੍ਰਤੀ ਲੀਟਰ ਮਿਲ ਰਿਹਾ ਸੀ ਜਿਹੜਾ ਹੁਣ ਵੱਧ ਕੇ 273.40 ਰੁਪਏ (ਪਾਕਿਸਤਾਨੀ) ਪ੍ਰਤੀ ਲੀਟਰ ਮਿਲੇਗਾ।
ਵਿੱਤ ਮੰਤਰੀ ਡਾਰ ਨੇ ਮੰਗਲਵਾਰ ਨੂੰ ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਦਾ ਐਲਾਨ ਕਰਦਿਆਂ ਕਿਹਾ ਕਿ ਸ਼ਰੀਫ਼ ਸਰਕਾਰ ਨੇ ਇਹ ਫ਼ੈਸਲਾ ਰਾਸ਼ਟਰੀ ਹਿੱਤ ਨੂੰ ਦੇਖਦੇ ਹੋਏ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਘੱਟ ਵਾਧੇ ਦੀ ਕੋਸ਼ਿਸ਼ ਕੀਤੀ ਸੀ ਪਰ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਦੇ ਨਿਯਮਾਂ ਨਾਲ ਬੱਝੇ ਹਾਂ। ਇਹ ਸਾਰੇ ਸਮਝੌਤੇ ਪਿਛਲੇ ਇਮਰਾਨ ਖ਼ਾਨ ਸਰਕਾਰ ਦੌਰਾਨ ਹੋਏ ਸਨ। ਇਸ ਹਾਲਤ ’ਚ ਸਾਨੂੰ ਆਈਐੱਮਐੱਫ ਦੀਆਂ ਸ਼ਰਤਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ।