ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਖਾਲਸਾ ਏਡ (Khalsa Aid) ਦੇ ਦਫਤਰ ‘ਤੇ NIA ਦੇ ਛਾਪਿਆਂ ਉਤੇ ਇਤਰਾਜ਼ ਜਤਾਇਆ ਹੈ।
ਸੁਨੀਲ ਜਾਖੜ ਨੇ ਕੱਲ੍ਹ ਦਿੱਲੀ ਦੇ ਸੰਸਦ ਭਵਨ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ।
ਸੁਨੀਲ ਜਾਖੜ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਖਾਲਸਾ ਏਡ ਸੰਸਥਾ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਹੈ ਅਤੇ ਜਦੋਂ ਵੀ ਦੇਸ਼-ਵਿਦੇਸ਼ ਵਿੱਚ ਕੋਈ ਆਫ਼ਤ ਆਉਂਦੀ ਹੈ ਤਾਂ ਇਹ ਲੋਕਾਂ ਦੀ ਭਲਾਈ ਲਈ ਅੱਗੇ ਆਉਂਦੀ ਹੈ।
ਉਨ੍ਹਾਂ ਨੇ ਖ਼ਾਲਸਾ ਏਡ ਸੰਸਥਾ ਦੇ ਦਫ਼ਤਰ ‘ਤੇ ਐਨ.ਆਈ.ਏ ਦੇ ਛਾਪਿਆਂ ਉਤੇ ਸਖ਼ਤ ਇਤਰਾਜ਼ ਪ੍ਰਗਟਾਇਆ। ਦੱਸ ਦਈਏ ਕਿ ਕੇਂਦਰੀ ਜਾਂਚ ਏਜੰਸੀ ਐੱਨਆਈਏ ਵੱਲੋਂ ਖਾਲਸਾ ਏਡ ਦੀ ਭਾਰਤ ਇਕਾਈ ਦੇ ਮੁਖੀ ਅਮਰਪ੍ਰੀਤ ਸਿੰਘ ਦੇ ਪਟਿਆਲਾ ਸਥਿਤ ਤਵੱਕਲੀ ਮੋੜ ਸਥਿਤ ਘਰ ਅਤੇ ਇਥੋਂ ਦੀ ਰਿਸ਼ੀ ਕਲੋਨੀ ਵਿਚਲੇ ਦਫ਼ਤਰ ਅਤੇ ਗੁਦਾਮ ਵਿਚ ਛਾਪਾ ਮਾਰਿਆ ਗਿਆ।
ਤੜਕੇ ਹੀ ਉਨ੍ਹਾਂ ਦੇ ਘਰ ਪੁੱਜੀ ਵੀਹ ਮੈਂਬਰੀ ਟੀਮ ਨੇ ਸਭ ਤੋਂ ਪਹਿਲਾਂ ਉਨ੍ਹਾਂ ਦਾ ਮੋਬਾਈਲ ਫੋਨ ਜ਼ਬਤ ਕੀਤਾ। ਇਸ ਮਗਰੋਂ ਕਈ ਘੰਟਿਆਂ ਤੱਕ ਚੱਲੀ ਤਲਾਸ਼ੀ ਮੁਹਿੰਮ ਦੌਰਾਨ ਘਰੋਂ ਤੇ ਦਫ਼ਤਰੋਂ ਕਈ ਦਸਤਾਵੇਜ਼ ਜਬਤ ਕਰ ਕੇ ਟੀਮ ਨਾਲ ਲੈ ਗਈ। ਇਨ੍ਹਾਂ ’ਚ ਬੈਂਕ ਸਟੇਟਮੈਂਟਸ ਵੀ ਸ਼ਾਮਲ ਸਨ। ਅਧਿਕਾਰੀਆਂ ਨੇ ਅਮਰਪ੍ਰੀਤ ਸਿੰਘ ਨੂੰ ਕੁਝ ਦਸਤਾਵੇਜ਼ ਲੈ ਕੇ 3 ਅਗਸਤ ਨੂੰ ਏਜੰਸੀ ਦੇ ਦਿੱਲੀ ਸਥਿਤ ਦਫ਼ਤਰ ਵਿੱਚ ਪਹੁੰਚਣ ਦੀ ਹਦਾਇਤ ਵੀ ਕੀਤੀ ਹੈ।