India News

ਸਰਕਾਰੀ ਦਾਅਵਿਆਂ ਦੀ ਫਿਰ ਖੁੱਲ੍ਹੀ ਪੋਲ! ਸਾਈਕਲਾਂ ਨੂੰ ਪੰਕਚਰ ਲਾ ਕੇ ਗੁਜਾਰਾ ਕਰ ਰਿਹਾ ਕੌਮਾਂਤਰੀ ਪੱਧਰ ਦਾ ਖਿਡਾਰੀ

ਸਰਕਾਰ ਚਾਹੇ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਅਸਲੀਅਤ ਕੁਝ ਹੋਰ ਹੀ ਹੈ। ਅਕਸਰ ਹੀ ਤਗਮੇ ਜਿੱਤਣ ਵਾਲੇ ਖਿਡਾਰੀਆਂ ਦੇ ਰੁਲਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਤਾਜ਼ਾ ਖਬਰ ਜ਼ਿਲ੍ਹਾ ਲੁਧਿਆਣਾ ਤੋਂ ਹੈ। ਇੱਥੇ ਹਲਕਾ ਸਾਹਨੇਵਾਲ ਦੇ ਪਿੰਡ ਰਾਏਪੁਰ ਦਾ ਮਨਰਾਜ ਸਿੰਘ (44) ਪਾਵਰ ਲਿਫਟਿੰਗ ਵਿੱਚ ਕੌਮਾਂਤਰੀ ਪੱਧਰ ਦਾ ਪੈਰਾ ਖਿਡਾਰੀ ਹੈ ਪਰ ਉਹ ਸਾਈਕਲਾਂ ਨੂੰ ਪੰਕਚਰ ਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ। 


ਹਾਸਲ ਜਾਣਕਾਰੀ ਮੁਤਾਬਕ ਇਸ ਖਿਡਾਰੀ ਦੀ ਸਮੇਂ ਦੀਆਂ ਸਰਕਾਰਾਂ ਨੇ ਕਦੇ ਵੀ ਸਾਰ ਨਹੀਂ ਲਈ। ਉਸ ਨੇ ਸਾਲ 2022 ਵਿੱਚ 82 ਕਿੱਲੋ ਭਾਰ ਵਰਗ ਵਿੱਚ ਦੁਬਈ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਇਸੇ ਸਾਲ ਜੁਲਾਈ ਮਹੀਨੇ ਕਰਨਾਲ ਵਿੱਚ 82 ਕਿਲੋ ਭਾਰ ਵਰਗ ਵਿੱਚ ਵੀ ਸੋਨ ਤਗ਼ਮਾ ਜਿੱਤਿਆ। ਉਹ ਸਾਲ 2013 ਤੋਂ ਲੈ ਕੇ ਹੁਣ ਤਕ ਦੇਸ਼ ਭਰ ਵਿਚ ਸੌ ਤੋਂ ਵੱਧ ਸੋਨ ਤਗਮੇ ਜਿੱਤ ਚੁੱਕਾ ਹੈ।

ਮਨਰਾਜ ਸਿੰਘ ਨੇ ਦੱਸਿਆ ਕਿ ਉਸ ਦੀਆਂ ਸਾਲ 1985 ਵਿੱਚ ਇਕ ਹਾਦਸੇ ਵਿੱਚ ਲੱਤਾਂ ਖੜ੍ਹ ਗਈਆਂ ਸਨ, ਜਿਸ ਦਾ ਮਾਪਿਆਂ ਵੱਲੋਂ ਇਲਾਜ ਵੀ ਕਰਵਾਇਆ ਗਿਆ ਪਰ ਫਿਰ ਵੀ ਉਹ ਪੂਰੀ ਤਰ੍ਹਾਂ ਤੰਦਰੁਸਤ ਨਾ ਹੋ ਸਕਿਆ। ਉਸ ਨੇ ਅੰਗਹੀਣ ਹੋਣ ਦੇ ਬਾਵਜੂਦ ਸਾਲ 2013 ਵਿਚ ਪਾਵਰ ਲਿਫਟਿੰਗ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਕੌਮੀ ਪੱਧਰ ਤੋਂ ਇਲਾਵਾ ਦੁਬਈ ਤੇ ਹੋਰਨਾਂ ਥਾਵਾਂ ’ਤੇ ਜਾ ਕੇ ਪਾਵਰ ਲਿਫਟਿੰਗ ’ਚ ਕਈ ਤਗ਼ਮੇ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ। 

ਮਨਰਾਜ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਜਦੋਂ ਵੀ ਉਹ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ’ਤੇ ਮੈਡਲ ਜਿੱਤ ਕੇ ਆਇਆ ਤਾਂ ਕਦੇ ਵੀ ਕਿਸੇ ਸਰਕਾਰ ਨੇ ਉਸ ਦਾ ਸਨਮਾਨ ਨਹੀਂ ਕੀਤਾ ਜਦਕਿ ਆਰਥਿਕ ਤੰਗੀ ਦੇ ਬਾਵਜੂਦ ਉਸ ਨੇ ਆਪਣੇ ਦੋਸਤਾਂ ਤੋਂ ਉਧਾਰ ਲੈ ਕੇ ਤੇ ਕਰਜ਼ਾ ਚੁੱਕ ਕੇ ਦੇਸ਼ ਤੇ ਵਿਦੇਸ਼ ਦੇ ਕਈ ਮੁਕਾਬਲਿਆਂ ਵਿਚ ਹਿੱਸਾ ਲਿਆ। ਉਸ ਨੂੰ ਆਸ ਸੀ ਕਿ ਕਦੇ ਤਾਂ ਸਰਕਾਰ ਉਸ ਦੀ ਵਧੀਆ ਖੇਡ ਨੂੰ ਦੇਖਦੇ ਹੋਏ ਉਸ ਦੀ ਸਾਰ ਲਵੇਗੀ। ਉਸ ਦੇ ਘਰ ਦੀਆਂ ਦੀਵਾਰਾਂ ਮੈਡਲਾਂ ਨਾਲ ਸਜੀਆਂ ਪਈਆਂ ਹਨ ਪਰ ਸਰਕਾਰ ਤੋਂ ਉਸ ਨੂੰ ਹਮੇਸ਼ਾ ਨਿਰਾਸ਼ਾ ਹੀ ਮਿਲੀ।

ਮਨਰਾਜ ਸਿੰਘ ਨੇ ਦੱਸਿਆ ਕਿ ਉਸ ਦੀ 12 ਸਾਲਾ ਧੀ ਜੈਸਮੀਨ ਵੀ ਪਾਵਰ ਲਿਫਟਿੰਗ ਖਿਡਾਰਨ ਹੈ ਜਿਸ ਨੇ ਲੰਘੀ 16 ਜੁਲਾਈ ਨੂੰ ਕਰਨਾਲ ਵਿੱਚ 1.02 ਕੁਇੰਟਲ ਵਜ਼ਨ ਚੁੱਕ ਕੇ ਗੋਲਡ ਮੈਡਲ ਜਿੱਤਿਆ ਪਰ ਇਸ ਪ੍ਰਾਪਤੀ ’ਤੇ ਉਸ ਦੀ ਧੀ ਦਾ ਵੀ ਸਰਕਾਰ, ਪ੍ਰਸ਼ਾਸਨ ਤੇ ਰਾਜਸੀ ਆਗੂਆਂ ਨੇ ਕੋਈ ਮਾਣ-ਸਨਮਾਨ ਨਾ ਕੀਤਾ।

Video