India News

 ਸਿੱਧੂ ਮੂਸੇਵਾਲਾ ਨੂੰ ‘ਅੱਤਵਾਦੀ’ ਕਹਿਣ ਵਾਲੇ ਪੁਲਿਸ ਅਫਸਰ ਨੇ ਮੰਗੀ ਮਾਫੀ…ਬੋਲਿਆ, ਬਾਅਦ ‘ਚ ਪਤਾ ਲੱਗਾ ਇਹ ਤਾਂ ਨੌਜਵਾਨਾਂ ਦਾ ਆਦਰਸ਼

ਝਾਰਖੰਡ ਦੇ ਜਮਸ਼ੇਦਪੁਰ ‘ਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਅੱਤਵਾਦੀ ਕਹਿਣ ਵਾਲੇ ਪੁਲਿਸ ਅਧਿਕਾਰੀ ਨੇ ਮਾਫੀ ਮੰਗ ਲਈ ਹੈ। ਐਸਐਚਓ ਭੂਸ਼ਣ ਕੁਮਾਰ ਨੇ ਸੋਸ਼ਲ ਮੀਡੀਆ ਉੱਤੇ ਮੁਆਫੀ ਮੰਗੀ ਹੈ। ਭੂਸ਼ਣ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ। ਇਸ ਦੌਰਾਨ ਸਪੈਸ਼ਲ ਨਾਕੇ ‘ਤੇ ਇੱਕ ਵਿਅਕਤੀ ਨੂੰ ਬਿਨਾਂ ਹੈਲਮੇਟ ਦੇ ਆਉਂਦਾ ਦੇਖਿਆ ਗਿਆ। ਬੁਲੇਟ ਮੋਟਰਸਾਈਕਲ ‘ਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਲੱਗੀ ਹੋਈ ਸੀ। ਉਹ ਸਿੱਧੂ ਮੂਸੇਵਾਲਾ ਬਾਰੇ ਬਹੁਤਾ ਨਹੀਂ ਜਾਣਦੇ ਸਨ। ਵੀਡੀਓ ਵਾਇਰਲ ਹੋਣ ‘ਤੇ ਹੀ ਜਾਣਕਾਰੀ ਮਿਲੀ।

ਦੱਸ ਦਈਏ ਕਿ ਝਾਰਖੰਡ ਦੇ ਪੁਲਿਸ ਅਫਸਰ ਨੇ ਸਿੱਧੂ ਮੂਸੇਵਾਲਾ ਨੂੰ ਅੱਤਵਾਦੀ ਕਿਹਾ ਸੀ। ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਸੀ। ਇਸ ਤੋਂ ਬਾਅਦ ਪ੍ਰਸ਼ੰਸਕ ਗੁੱਸੇ ‘ਚ ਆ ਗਏ। ਇਸ ਮਗਰੋਂ ਪੁਲਿਸ ਅਧਿਕਾਰੀ ਨੇ ਗਲਤੀ ਲਈ ਮੁਆਫੀ ਮੰਗ ਲਈ ਹੈ। ਉਸ ਦਾ ਕਹਿਣਾ ਹੈ ਕਿ ਇਹ ਸਭ ਅਣਜਾਣੇ ਵਿੱਚ ਹੋਇਆ ਹੈ।

ਦਰਅਸਲ ਘਟਨਾ ਕੁਝ ਦਿਨ ਪਹਿਲਾਂ ਦੀ ਹੈ। ਝਾਰਖੰਡ ਦੇ ਜਮਸ਼ੇਦਪੁਰ ‘ਚ ਸੀਤਾਰਾਮਡੇਰਾ ਥਾਣੇ ਦੇ ਐਸਐਚਓ ਭੂਸ਼ਣ ਕੁਮਾਰ ਨੇ ਇਲਾਕੇ ‘ਚ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਇੱਕ ਵਿਅਕਤੀ ਬੁਲੇਟ ਮੋਰਸਾਈਕਲ ‘ਤੇ ਆਇਆ। ਉਸ ਦੇ ਪਿੱਛੇ ਸਕੂਲ ਤੋਂ ਆਈ ਉਸ ਦੀ ਬੇਟੀ ਬੈਠੀ ਸੀ। ਹੈਲਮੇਟ ਨਾ ਪਾਏ ਹੋਣ ਕਾਰਨ ਐਸਐਚਓ ਨੇ ਬੁਲੇਟ ਨੂੰ ਰੋਕ ਲਿਆ। ਵਿਅਕਤੀ ਨੇ ਬੁਲੇਟ ‘ਤੇ ਸਿੱਧੂ ਮੂਸੇਵਾਲਾ ਦਾ ਸਟਿੱਕਰ ਲਾਇਆ ਹੋਇਆ ਸੀ।

ਇਸ ਕਰਕੇ SHO ਭੂਸ਼ਣ ਕੁਮਾਰ ਨੂੰ ਗੁੱਸਾ ਆ ਗਿਆ ਤੇ ਕਿਹਾ- ਤੁਸੀਂ ਉਸ ਨੂੰ ਆਦਰਸ਼ ਮੰਨ ਰਹੇ ਹੋ, ਸਿੱਧੂ ਮੂਸੇਵਾਲਾ… ਜੋ ਅੱਤਵਾਦੀ ਹੈ। ਦੂਜਾ, ਤੁਸੀਂ ਹੈਲਮੇਟ ਨਹੀਂ ਪਹਿਨ ਰਹੇ ਹੋ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵੱਖ-ਵੱਖ ਮਾਧਿਅਮਾਂ ਰਾਹੀਂ ਵਾਇਰਲ ਹੋ ਗਈ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਝਾਰਖੰਡ ਪੁਲਿਸ ਖਿਲਾਫ ਗੁੱਸਾ ਜ਼ਾਹਰ ਕਰਨਾ ਸ਼ੁਰੂ ਕਰ ਦਿੱਤਾ। ਵਿਰੋਧ ਨੂੰ ਦੇਖਦਿਆਂ ਝਾਰਖੰਡ ਪੁਲਿਸ ਦੇ ਐਸਐਚਓ ਭੂਸ਼ਣ ਕੁਮਾਰ ਨੇ ਇਸ ਗਲਤੀ ਲਈ ਮੁਆਫੀ ਮੰਗੀ ਹੈ।

ਭੂਸ਼ਣ ਕੁਮਾਰ ਦਾ ਕਹਿਣਾ ਹੈ ਕਿ ਇਹ ਉਸ ਤੋਂ ਵੱਡੀ ਗਲਤੀ ਹੋਈ ਸੀ। ਅਣਜਾਣੇ ਵਿੱਚ ਇਸ ਨੂੰ ਮਨੁੱਖੀ ਗਲਤੀ ਕਿਹਾ ਜਾ ਸਕਦਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਨੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਪਤਾ ਲੱਗਾ ਕਿ ਸਿੱਧੂ ਮੂਸੇਵਾਲਾ ਦੇਸ਼ ਦੇ ਕਈ ਨੌਜਵਾਨਾਂ ਦਾ ਆਦਰਸ਼ ਹੈ। ਪਿਛਲੇ ਸਾਲ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ ਤੇ ਪਰਿਵਾਰ ਇਨਸਾਫ ਲਈ ਲੜ ਰਿਹਾ ਹੈ। ਇਸ ਤੋਂ ਬਾਅਦ ਉਸ ਨੇ ਇਸ ਗਲਤੀ ਲਈ ਸਿੱਧੂ ਮੂਸੇਵਾਲਾ ਦੇ ਪਰਿਵਾਰ ਤੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਹੈ।

Video