ਲੁਧਿਆਣਾ ਤੋਂ ਵੱਡੀ ਖਬਰ ਆਈ ਹੈ। ਜ਼ਿਲ੍ਹੇ ਦੇ ਪਿੰਡ ਬੱਦੋਵਾਲ ਵਿਖੇ ਸਰਕਾਰੀ ਸਕੂਲ ਦੇ ਸਟਾਫ ਰੂਮ ਦਾ ਲੈਂਟਰ ਡਿੱਗ ਗਿਆ ਹੈ। ਲੈਂਟਰ ਦੇ ਮਲਬੇ ਹੇਠ 4 ਅਧਿਆਪਕ ਫਸ ਗਏ। ਬਚਾਅ ਕਾਰਜ ਦੌਰਾਨ ਦੋ ਅਧਿਆਪਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਜਦੋਂਕਿ ਦੋ ਹਾਲੇ ਵੀ ਮਲਬੇ ਹੇਠ ਫਸੇ ਹਨ। ਮਲਬੇ ਹੇਠੋਂ ਕੱਢੇ ਦੋ ਅਧਿਆਪਕ ਜਖਮੀ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਬੱਦੋਵਾਲ ਦੇ ਸਰਕਾਰੀ ਸਮਾਰਟ ਸਕੂਲ ਦਾ ਲੈਂਟਰ ਡਿੱਗਣ ਨਾਲ ਹਫੜਾ-ਦਫੜੀ ਮੱਚ ਗਈ। ਇਸ ਹਾਦਸੇ ਵਿੱਚ ਕਰੀਬ ਚਾਰ ਅਧਿਆਪਕ ਮਲਬੇ ਹੇਠ ਦੱਬੇ ਗਏ। ਇਸ ਦੌਰਾਨ ਦੋ ਅਧਿਆਪਕਾਂ ਨੂੰ ਲੋਕਾਂ ਨੇ ਤੁਰੰਤ ਕੱਢ ਲਿਆ ਜਦੋਂਕਿ ਦੋ ਹੋਰ ਅਧਿਆਪਕਾਂ ਨੂੰ ਮਲਬੇ ‘ਚੋਂ ਕੱਢਣ ਦਾ ਕੰਮ ਜਾਰੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ।
ਹਾਸਲ ਜਾਣਕਾਰੀ ਅਨੁਸਾਰ ਅਧਿਆਪਕ ਸਟਾਫ ਰੂਮ ਵਿੱਚ ਬੈਠੇ ਸੀ ਕਿ ਅਚਾਨਕ ਲੈਂਟਰ ਡਿੱਗ ਗਿਆ। ਘਟਨਾ ਤੋਂ ਬਾਅਦ ਆਸਪਾਸ ਦੇ ਲੋਕ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਵਿੱਚ ਜੁੱਟ ਗਏ। ਮੁਲਬੇ ਹੇਠੋਂ ਕੱਢੇ ਗਏ ਅਧਿਆਪਕਾਂ ਨੂੰ ਤੁਰੰਤ ਲੁਧਿਆਣਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਇਸ ਘਟਨਾ ਸਮੇਂ ਬੱਚੇ ਵੀ ਸਕੂਲ ‘ਚ ਸੀ।