ਤਿਆਨਾ, ਸਾਕਸ਼ੀ ਤੇ ਕਿਰਨਦੀਪ ਦੀ ਤਿਕੜੀ ਨੇ ਆਈਐੱਸਐੱਸਐੱਫ ਵਿਸ਼ਵ ਚੈਂਪੀਅਨਸ਼ਿਪ ਦੇ 50 ਮੀਟਰ ਪਿਸਟਲ ਦੇ ਟੀਮ ਮੁਕਾਬਲੇ ਵਿਚ ਸਿਖਰਲਾ ਸਥਾਨ ਹਾਸਲ ਕਰਦੇ ਹੋਏ ਭਾਰਤ ਨੂੰ ਛੇਵਾਂ ਗੋਲਡ ਮੈਡਲ ਦਿਵਾਇਆ।
ਭਾਰਤ ਨੇ 14 ਮੈਡਲਾਂ ਨਾਲ ਟੂਰਨਾਮੈਂਟ ‘ਚ ਸਮਾਪਤੀ ਕੀਤੀ। ਉਹ ਚੀਨ ਤੋਂ ਬਾਅਦ ਦੂਜੇ ਸਥਾਨ ‘ਤੇ ਰਿਹਾ। ਆਖ਼ਰੀ ਦਿਨ ਭਾਰਤ ਨੂੰ ਚਾਰ ਓਲੰਪਿਕ ਕੋਟੇ ਵੀ ਮਿਲੇ।
ਟੀਮ ਮੁਕਾਬਲੇ ਵਿਚ ਭਾਰਤੀ ਤਿਕੜੀ ਨੇ ਕੁੱਲ 1573 ਦਾ ਸਕੋਰ ਕਰਦੇ ਹੋਏ ਗੋਲਡ ਮੈਡਲ ਜਿੱਤਿਆ। ਚੀਨ ਨੇ 1567 ਅੰਕਾਂ ਨਾਲ ਸਿਲਵਰ ਤੇ ਮੰਗੋਲੀਆ ਨੇ 1566 ਅੰਕਾਂ ਨਾਲ ਕਾਂਸੇ ਦਾ ਮੈਡਲ ਆਪਣੇ ਨਾਂ ਕੀਤਾ। ਤਿਆਨਾ 553 ਦਾ ਸਕੋਰ ਬਣਾ ਕੇ ਤੀਜੇ ਸਥਾਨ ‘ਤੇ ਰਹੀ। ਸਾਕਸ਼ੀ ਇਸ ਮੁਕਾਬਲੇ ਵਿਚ ਪੰਜਵੇਂ ਜਦਕਿ ਕਿਰਨਦੀਪ 11ਵੇਂ ਸਥਾਨ ‘ਤੇ ਰਹੀ।
ਮਰਦਾਂ ਦੇ 50 ਮੀਟਰ ਪਿਸਟਲ ਮੁਕਾਬਲੇ ਵਿਚ ਭਾਰਤੀ ਨਿਸ਼ਾਨੇਬਾਜ਼ਾਂ ਨੇ ਦੋ ਕਾਂਸੇ ਦੇ ਮੈਡਲ ਜਿੱਤੇ। ਰਵਿੰਦਰ ਸਿੰਘ ਨੇ ਨਿੱਜੀ ਮੁਕਾਬਲੇ ਵਿਚ 556 ਦਾ ਸਕੋਰ ਬਣਾ ਕੇ ਤੀਜਾ ਸਥਾਨ ਹਾਸਲ ਕਰਦੇ ਹੋਏ ਕਾਂਸੇ ਦਾ ਮੈਡਲ ਜਿੱਤਿਆ ਜਦਕਿ ਉਨ੍ਹਾਂ ਨੇ ਕਮਲਜੀਤ ਤੇ ਵਿਕ੍ਰਮ ਸ਼ਿੰਦੇ ਦੇ ਨਾਲ ਟੀਮ ਮੁਕਾਬਲੇ ਵਿਚ ਵੀ ਕਾਂਸੇ ਦਾ ਮੈਡਲ ਆਪਣੇ ਨਾਂ ਕੀਤਾ।